ਟੋਰਾਂਟੋ, 6 ਮਈ (ਰਾਜ ਗੋਗਨਾ/ ਕੁਲਤਰਨ ਪਧਿਆਣਾ/ਪੰਜਾਬ ਮੇਲ)-ਕੁੱਝ ਦਿਨ ਪਹਿਲਾ ਟੋਰਾਂਟੋ ਦੇ ਲਾਗੇ ਹਾਈਵੇਅ 401 ‘ਤੇ ਸ਼ਰਾਬ ਦੇ ਇਕ ਸਟੋਰ ਐੱਲ.ਸੀ.ਬੀ.ਓ. ਤੋਂ ਲੁੱਟ ਕਰਕੇ ਵੈਨ ‘ਚ ਭੱਜੇ ਚੋਰ ਦੀ ਪਛਾਣ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਵਜੋਂ ਕੀਤੀ ਗਈ ਹੈ। ਜਿਸ ਦੀ ਪੁਲਿਸ ਵੱਲੋਂ ਪਿੱਛਾ ਕਰਨ ਦੀ ਕਾਰਵਾਈ ਦੌਰਾਨ ਹੋਏ ਹਾਦਸੇ ਵਿਚ ਮੌਤ ਹੋ ਗਈ ਸੀ। 21 ਸਾਲਾ ਗਗਨਦੀਪ ਸਿੰਘ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ‘ਚ ਪੜ੍ਹਾਈ ਕਰਨ ਲਈ ਆਇਆ ਸੀ ਪਰ ਇਥੇ ਆ ਕੇ ਉਹ ਸਟੋਰਾਂ ‘ਤੇ ਲੁੱਟਾਂ-ਖੋਹਾਂ, ਡਰੱਗ ਰੱਖਣ ਅਤੇ ਗੱਡੀਆਂ ਖੋਹਣ ਵਰਗੇ ਸੰਗੀਨ ਜੁਰਮਾਂ ‘ਚ ਸ਼ਾਮਲ ਹੋ ਗਿਆ ਸੀ। ਪੁਲਿਸ ਮੁਤਾਬਕ ਗਗਨਦੀਪ ਸਿੰਘ ਉਪਰ ਪਹਿਲਾਂ ਵੀ ਦੋ ਹੋਰ ਸ਼ਰਾਬ ਦੇ ਸਟੋਰ ਲੁੱਟਣ ਦੇ ਮਾਮਲੇ ਅਤੇ ਹੋਰ ਸਟੋਰਾਂ ‘ਤੇ ਚੋਰੀ, ਡਰੱਗ ਰੱਖਣ ਦੇ ਮਾਮਲੇ ਦਰਜ ਸਨ। ਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ। ਲੁੱਟ-ਖੋਹ ਦੇ ਹੀ ਇਕ ਹੋਰ ਮਾਮਲੇ ‘ਚ ਉਸ ਦੀ 14 ਮਈ ਦੀ ਮਿਲਟਨ ਦੇ ਕੋਰਟ ‘ਚ ਪੇਸ਼ੀ ਸੀ।
ਇੱਥੇ ਦੱਸਣਯੋਗ ਹੈ ਕਿ ਇਸ ਹਾਦਸੇ ਦੌਰਾਨ ਭਾਰਤੀ ਮੂਲ ਦੇ ਤਿੰਨ ਲੋਕ ਜਿਸ ਵਿਚ ਇੱਕ ਤਿੰਨ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਸੀ, ਮਾਰੇ ਗਏ ਸਨ। ਪੁਲਿਸ ਮੁਤਾਬਕ ਸ਼ਰਾਬ ਚੋਰੀ ਕਰਕੇ ਹਾਈਵੇਅ ‘ਤੇ ਪੁੱਠੀ ਦਿਸ਼ਾ ਵੱਲ ਆਪਣੀ ਵੈਨ ‘ਚ ਭੱਜੇ ਗਗਨਦੀਪ ਸਿੰਘ ਕੋਲ ਇਕ ਚਾਕੂ ਵੀ ਸੀ ਤੇ ਉਹ ਆਮ ਲੋਕਾਂ ਲਈ ਖਤਰਨਾਕ ਵੀ ਸੀ। ਹੁਣ ਸਵਾਲ ਉਠਾਏ ਜਾ ਰਹੇ ਹਨ ਕਿ ਕੈਨੇਡਾ ਦੇ ਜ਼ਮਾਨਤ ਸਬੰਧੀ ਸੌਖਾਲੇ ਨਿਯਮਾਂ ‘ਤੇ ਜਿਸ ਬਾਰੇ ਵਿਰੋਧੀ ਧਿਰ ਵੀ ਆਵਾਜ਼ ਚੁੱਕ ਰਹੀ ਹੈ, ਅਗਰ ਜ਼ਮਾਨਤ ਦੇ ਕਾਨੂੰਨ ਸਖ਼ਤ ਹੁੰਦੇ, ਤਾਂ ਵਾਰ-ਵਾਰ ਚੋਰੀ ਕਰਨ ਵਾਲੇ, ਗੱਡੀਆ ਲੁੱਟਣ ਵਾਲੇ, ਫਰਾਡ ਕਰਨ ਵਾਲੇ ਅਤੇ ਹੋਰ ਸੰਗੀਨ ਦੋਸ਼ਾਂ ਹੇਠ ਚਾਰਜ਼ ਹੋਣ ਵਾਲੇ ਸੌਖਾਲੇ ਢੰਗ ਨਾਲ ਬਾਹਰ ਨਾ ਆਉਣ, ਅਤੇ ਨਾ ਹੀ ਹੋਰ ਸੰਗੀਨ ਜੁਰਮਾਂ ‘ਚ ਮੁੜ ਸ਼ਾਮਲ ਹੋਣ, ਜਿਵੇਂ ਕਿ ਗਗਨਦੀਪ ਸਿੰਘ ਦੇ ਮਾਮਲੇ ਵਿਚ ਹੋਇਆ ਹੈ।