#CANADA

ਕੈਨੇਡਾ ਪੁਲਿਸ ‘ਚ ਭਰਤੀ ਹੋਈ ਪੰਜਾਬਣ ਮੁਟਿਆਰ

ਨਥਾਣਾ, 22 ਅਗਸਤ (ਪੰਜਾਬ ਮੇਲ)- ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਇਕ ਪੰਜਾਬਣ ਨੇ ਉਥੇ ਪੁਲਿਸ ‘ਚ ਭਰਤੀ ਹੋ ਕੇ ਆਪਣੀ ਸਫਲਤਾ ਦਾ ਝੰਡਾ ਗੱਡਿਆ ਹੈ। ਜ਼ੀਰਕਪੁਰ ਦੇ ਧਰਮਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੇ ਘਰ ਜਨਮੀ ਚਰਨਜੀਤ ਕੌਰ ਨੇ ਇਸ ਸਫਲਤਾ ਨਾਲ ਪੰਜਾਬ ਦਾ ਨਾਂ ਚਮਕਾਇਆ ਹੈ। ਜਾਣਕਾਰੀ ਅਨੁਸਾਰ ਚਰਨਜੀਤ ਕੌਰ ਬੀ.ਏ. ਕਰਨ ਮਗਰੋਂ ਆਇਲਸ ਕਰ ਕੇ ਸਾਲ 2019 ਵਿਚ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਗਈ ਸੀ।
ਇਹ ਮੁਟਿਆਰ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਸੈਸਕਾਟੂਨ ਵਿਚ ਰਹਿ ਰਹੀ ਹੈ। ਪਿਛਲੇ ਸਾਲ 16 ਫਰਵਰੀ ਨੂੰ ਚਰਨਜੀਤ ਕੌਰ ਦਾ ਵਿਆਹ ਨਥਾਣਾ ਦੇ ਪ੍ਰਦੀਪ ਕੁਮਾਰ ਸ਼ਰਮਾ ਪੁੱਤਰ ਰਮੇਸ਼ ਕੁਮਾਰ ਨਾਲ ਹੋ ਗਿਆ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਉਹ ਆਪਣੇ ਪਤੀ ਸਮੇਤ ਮੁੜ ਕੈਨੇਡਾ ਪਰਤ ਗਈ। ਇੰਟਰਨੈਸ਼ਨਲ ਬਿਜ਼ਨੈੱਸ ਮੈਨੇਜਮੈਂਟ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਚਰਨਜੀਤ ਕੌਰ ਇਸੇ ਮਹੀਨੇ ਕੈਨੇਡਾ ਪੁਲਿਸ ‘ਚ ਭਰਤੀ ਹੋ ਗਈ ਅਤੇ ਉੁਹ 16 ਅਗਸਤ ਤੋਂ ਆਪਣੀ ਡਿਊਟੀ ‘ਤੇ ਹਾਜ਼ਰ ਹੈ। ਪੁਲਿਸ ਦੀ ਵਰਦੀ ਉੱਪਰ ਲੱਗੀ ਨੇਮ ਪਲੇਟ ‘ਤੇ ਚਰਨਜੀਤ ਕੌਰ ਲਿਖਿਆ ਦੇਖ ਕੇ ਉਹ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਕੈਨੇਡਾ ਪੁਲਿਸ ਵਿਚ ਉਸ ਦਾ ਰੈਂਕ ਕੁਰੈਕਸ਼ਨਲ ਪੀਸ ਆਫਿਸਰ (ਇੰਸਪੈਕਟਰ ਰੈਂਕ) ਦੱਸਿਆ ਗਿਆ ਹੈ। ਚਰਨਜੀਤ ਕੌਰ ਦੀ ਸਫਲਤਾ ਤੋਂ ਉਸ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।