ਟੋਰਾਂਟੋ, 29 ਮਾਰਚ (ਪੰਜਾਬ ਮੇਲ)- ਕੈਨੇਡਾ ਵਿਚ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਹੋ ਰਹੇ ਹਨ। ਹਾਲ ਹੀ ਵਿਚ ਜਾਰੀ ਸਰਕਾਰੀ ਅੰਕੜੇ ਖੁਦ ਇਸ ਗੱਲ ਦੀ ਗਵਾਹੀ ਦੇ ਰਹੇ ਹਨ। ਕੈਨੇਡਾ ਦੇ ਸਥਾਨਕ ਅਖ਼ਬਾਰ ਨੇ ਸਰਕਾਰ ਦੇ ਵੀਜ਼ਾ ਅਸਵੀਕਾਰ ਦਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਕਾਮਿਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਰਿਹਾ ਹੈ। 2024 ਵਿਚ 23.5 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ, ਜੋ ਕਿ ਕੁੱਲ ਅਰਜ਼ੀਆਂ ਦਾ 50% ਹੈ।
ਅੰਕੜਿਆਂ ਮੁਤਾਬਕ ਪਿਛਲੇ ਸਾਲ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ, ਜੋ ਕਿ ਕੁੱਲ ਅਰਜ਼ੀਆਂ ਦਾ 35% ਤੋਂ ਵੱਧ ਸਨ। ਕੈਨੇਡਾ ਵਿਚ ਰਹਿਣ-ਸਹਿਣ ਦਾ ਖਰਚ ਲਗਾਤਾਰ ਵਧ ਰਿਹਾ ਹੈ ਅਤੇ ਇਸ ਤੋਂ ਇਲਾਵਾ ਰਿਹਾਇਸ਼ੀ ਸੰਕਟ ਵੀ ਪੈਦਾ ਹੋ ਗਿਆ ਹੈ। ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਦੇ ਆਉਣ ਕਾਰਨ ਸਿਹਤ ਸੰਭਾਲ ‘ਤੇ ਦਬਾਅ ਵਧ ਰਿਹਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕੈਨੇਡੀਅਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਘੱਟੋ-ਘੱਟ ਵਿਦੇਸ਼ੀ ਲੋਕਾਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਆਗਿਆ ਦੇਵੇਗੀ, ਜਿਸ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵਧ ਗਈ ਹੈ।
ਵੀਜ਼ਾ ਦੀ ਹਰ ਸ਼੍ਰੇਣੀ ਵਿਚ ਅਸਵੀਕਾਰ ਦਰ ਵਧੀ ਹੈ, ਭਾਵੇਂ ਇਹ ਵਿਦਿਆਰਥੀ ਹੋਵੇ ਜਾਂ ਵਰਕ ਵੀਜ਼ਾ। ਕੈਨੇਡਾ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਯਾਤਰਾ ਕਰਨ ਜਾਂ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਵਿਜ਼ਟਰ ਵੀਜ਼ਾ ਦਿੱਤਾ ਜਾਂਦਾ ਹੈ। ਇਸ ਵੀਜ਼ਾ ਸ਼੍ਰੇਣੀ ਵਿਚ ਸਭ ਤੋਂ ਵੱਧ ਅਸਵੀਕਾਰ ਦਰ ਦੇਖੀ ਜਾਂਦੀ ਹੈ। ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇਣ ਵਾਲੇ 54% ਬਿਨੈਕਾਰਾਂ ਨੂੰ ਇਹ ਪ੍ਰਾਪਤ ਨਹੀਂ ਹੋਇਆ, ਜਦੋਂ ਕਿ 2023 ਵਿਚ ਇਹ ਅੰਕੜਾ 40% ਸੀ। ਵਿਦਿਆਰਥੀ ਪਰਮਿਟ ਰੱਦ ਹੋਣ ਦੀ ਦਰ ਵੀ ਵਧ ਕੇ 52% ਹੋ ਗਈ ਹੈ, ਜਦੋਂ ਕਿ ਪਿਛਲੇ ਸਾਲ ਇਹ 38% ਸੀ। ਘੱਟ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਕਾਰਨ ਦਾਖਲੇ ਵੀ ਘੱਟ ਗਏ ਹਨ, ਜਿਸ ਦਾ ਅਰਥਚਾਰਿਆਂ ‘ਤੇ ਅਸਰ ਪੈ ਰਿਹਾ ਹੈ। ਕੈਨੇਡਾ ਵਿਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿਚ 46% ਦੀ ਗਿਰਾਵਟ ਆਈ ਹੈ। 2023 ਵਿਚ 8,68,000 ਅਰਜ਼ੀਆਂ ਆਈਆਂ ਸਨ, ਜਦੋਂਕਿ 2024 ਵਿਚ ਇਹ ਗਿਣਤੀ ਵੱਧ ਕੇ 469,000 ਹੋ ਗਈ। ਇਹ ਗਿਰਾਵਟ ਇੱਕ ਵਿਆਪਕ ਵਿਸ਼ਵਵਿਆਪੀ ਰੁਝਾਨ ਨੂੰ ਦਰਸਾਉਂਦੀ ਹੈ, ਜਿਸ ਵਿਚ ਆਸਟ੍ਰੇਲੀਆ, ਯੂ.ਕੇ ਅਤੇ ਅਮਰੀਕਾ ਵਰਗੇ ਦੇਸ਼ ਵੀ ਵਿਦਿਆਰਥੀ ਦਾਖਲਿਆਂ ਵਿਚ ਗਿਰਾਵਟ ਦਾ ਅਨੁਭਵ ਕਰ ਰਹੇ ਹਨ।
ਵਰਕ ਪਰਮਿਟਾਂ ਵਿਚ ਥੋੜ੍ਹਾ ਜਿਹਾ ਸੁਧਾਰ ਹੋਇਆ ਹੈ, ਪਰ ਫਿਰ ਵੀ 22% ਬਿਨੈਕਾਰਾਂ ਨੂੰ ਅਸਵੀਕਾਰ ਦਾ ਸਾਹਮਣਾ ਕਰਨਾ ਪਿਆ। ਕੈਨੇਡੀਅਨ ਸਰਕਾਰ ਨੇ 2025 ਤੋਂ 2027 ਦੇ ਵਿਚਕਾਰ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 20% ਘਟਾਉਣ ਦਾ ਫੈਸਲਾ ਕੀਤਾ ਹੈ। 2025 ਵਿਚ ਸਿਰਫ਼ 395,000 ਨਵੇਂ ਆਉਣ ਵਾਲਿਆਂ ਨੂੰ ਹੀ ਸਥਾਈ ਨਿਵਾਸ ਮਿਲੇਗਾ। ਪਹਿਲਾਂ ਇਹ ਗਿਣਤੀ ਜ਼ਿਆਦਾ ਸੀ। ਕੈਨੇਡਾ ਕਿਸੇ ਵੀ ਤਰੀਕੇ ਨਾਲ ਵਿਦੇਸ਼ੀਆਂ ਦੀ ਗਿਣਤੀ ਘਟਾਉਣਾ ਚਾਹੁੰਦਾ ਹੈ, ਜਿਸ ਲਈ ਉਹ ਸਖ਼ਤ ਕਦਮ ਚੁੱਕਣ ਤੋਂ ਨਹੀਂ ਝਿਜਕ ਰਿਹਾ।
ਕੈਨੇਡਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਕਾਮਿਆਂ, ਵਿਦਿਆਰਥੀਆਂ ਦੇ ਵੀਜ਼ੇ ਕਰ ਰਿਹੈ ਰੱਦ!
