#CANADA

ਕੈਨੇਡਾ ਨੇ ਜਬਰੀ ਵਸੂਲੀ ਦੇ ਦੋਸ਼ੀ ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ

ਲਵਬੀਰ ਸਿੰਘ ‘ਤੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਹੋਣ ਦਾ ਇਲਜ਼ਾਮ
ਸਰੀ, 25 ਫਰਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਜਬਰੀ ਵਸੂਲੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ 22 ਸਾਲਾ ਪੰਜਾਬੀ ਨੌਜਵਾਨ ਲਵਬੀਰ ਸਿੰਘ ਨੂੰ ਦੇਸ਼ ਵਿਚੋਂ ਕੱਢ ਦਿੱਤਾ ਯਾਨੀ ਡਿਪੋਰਟ ਕਰ ਦਿੱਤਾ ਹੈ। ਸਰੀ ਪੁਲਿਸ ਸਰਵਿਸ ਨੇ ਲਵਬੀਰ ਦੀ ਤਸਵੀਰ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੇ ਸਾਥੀਆਂ ਅਤੇ ਕੈਨੇਡਾ ਵਿਚ ਉਸ ਦੇ ਠਹਿਰਾਅ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ।
ਦੱਸ ਦੇਈਏ ਕਿ ਲਵਬੀਰ ਸਾਲ 2023 ਵਿਚ ਇਕ ਵਿਦੇਸ਼ੀ ਨਾਗਰਿਕ ਵਜੋਂ ਕੈਨੇਡਾ ਆਇਆ ਸੀ ਪਰ 2026 ਦੇ ਸ਼ੁਰੂ ਵਿਚ ਪੁਲਿਸ ਨੇ ਉਸ ਨੂੰ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਮੁੱਖ ਸ਼ੱਕੀ ਵਜੋਂ ਨਾਮਜ਼ਦ ਕੀਤਾ।
ਸਰੀ ਪੁਲਿਸ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐੱਸ. ਏ.) ਵੱਲੋਂ ਕੀਤੀ ਗਈ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਲਵਬੀਰ ਦੀ ਤਸਵੀਰ ਜਨਤਕ ਕਰਨ ਨਾਲ ਹੋਰ ਪੀੜਤਾਂ ਜਾਂ ਗਵਾਹਾਂ ਨੂੰ ਸਾਹਮਣੇ ਆਉਣ ਵਿਚ ਮਦਦ ਮਿਲੇਗੀ, ਜਿਸ ਨਾਲ ਹਿੰਸਕ ਵਸੂਲੀ ਪਿੱਛੇ ਕੰਮ ਕਰ ਰਹੇ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਹੋ ਸਕੇ।
ਖ਼ਾਸ ਗੱਲ ਇਹ ਹੈ ਕਿ ਸਤੰਬਰ 2025 ਵਿਚ ਸਥਾਪਤ ਕੀਤੇ ਗਏ ‘ਸਰੀ ਐਕਸਟੌਰਸ਼ਨ ਰਿਵਾਰਡ ਫੰਡ’ ਤਹਿਤ ਅਜਿਹੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੀ ਜਾਣਕਾਰੀ ਦੇਣ ਵਾਲੇ ਨੂੰ 2,50,000 ਡਾਲਰ ਤੱਕ ਦਾ ਇਨਾਮ ਦਿੱਤਾ ਜਾ ਸਕਦਾ ਹੈ।