ਟੋਰਾਂਟੋ/ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਬਾਅ ਦੀ ਰਾਜਨੀਤੀ ਸਫਲ ਹੁੰਦੀ ਜਾਪਦੀ ਹੈ। ਇਸ ਦੌਰਾਨ ਕੈਨੇਡਾ ਨੇ ਬੀਤੀ ਰਾਤ ਅਮਰੀਕੀ ਤਕਨਾਲੋਜੀ ਕੰਪਨੀਆਂ ‘ਤੇ ਲਗਾਏ ਗਏ ਡਿਜੀਟਲ ਸੇਵਾ ਟੈਕਸ (ਡੀ.ਐੱਸ.ਟੀ., ਡਿਜੀਟਲ ਟੈਕਸ) ਨੂੰ ਰੱਦ ਕਰ ਦਿੱਤਾ, ਜੋ ਕਿ ਸੋਮਵਾਰ ਤੋਂ ਲਾਗੂ ਹੋਣਾ ਸੀ। ਕੈਨੇਡਾ ਦੇ ਇਸ ਕਦਮ ਦਾ ਉਦੇਸ਼ ਅਮਰੀਕਾ ਨਾਲ ਰੁਕੀ ਹੋਈ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 21 ਜੁਲਾਈ ਤੱਕ ਇੱਕ ਨਵੇਂ ਵਪਾਰ ਸਮਝੌਤੇ ‘ਤੇ ਪਹੁੰਚਣ ਲਈ ਗੱਲਬਾਤ ਮੁੜ ਸ਼ੁਰੂ ਕਰਨਗੇ। ਕਾਰਨੀ ਨੇ ਇੱਕ ਬਿਆਨ ਵਿਚ ਕਿਹਾ, ”ਅੱਜ ਦਾ ਐਲਾਨ 21 ਜੁਲਾਈ, 2025 ਨੂੰ ਕਨਾਨਾਸਕਿਸ ਵਿਚ ਇਸ ਮਹੀਨੇ ਹੋਣ ਵਾਲੇ ਜੀ7 ਨੇਤਾਵਾਂ ਦੇ ਸੰਮੇਲਨ ਵਿਚ ਨਿਰਧਾਰਤ ਸਮਾਂ-ਸੀਮਾ ਵੱਲ ਗੱਲਬਾਤ ਮੁੜ ਸ਼ੁਰੂ ਕਰਨ ਦਾ ਸਮਰਥਨ ਕਰੇਗਾ।”
ਕੈਨੇਡੀਅਨ ਵਿੱਤ ਮੰਤਰਾਲੇ ਨੇ ਇਸ ਸਬੰਧ ਵਿਚ ਇੱਕ ਬਿਆਨ ਜਾਰੀ ਕੀਤਾ ਹੈ। ਕੈਨੇਡਾ ਦੇ ਵਿੱਤ ਵਿਭਾਗ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣ ਲਈ ਅਮਰੀਕੀ ਤਕਨੀਕੀ ਫਰਮਾਂ ‘ਤੇ ਡਿਜੀਟਲ ਸੇਵਾਵਾਂ ਟੈਕਸ ਰੱਦ ਕਰ ਦਿੱਤਾ ਹੈ। ਵਿਭਾਗ ਨੇ ਇੱਕ ਬਿਆਨ ਵਿਚ ਕਿਹਾ, ”ਕੈਨੇਡਾ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਆਪਸੀ ਲਾਭਦਾਇਕ ਵਿਆਪਕ ਵਪਾਰ ਪ੍ਰਬੰਧ ਦੀ ਉਮੀਦ ਵਿਚ ਡਿਜੀਟਲ ਸੇਵਾਵਾਂ ਟੈਕਸ (ਡੀ.ਐੱਸ.ਟੀ.) ਨੂੰ ਰੱਦ ਕਰ ਰਿਹਾ ਹੈ।”
ਵਿੱਤ ਮੰਤਰੀ ਫ੍ਰਾਂਸੋਆ-ਫਿਲਿਪ ਸ਼ੈਂਪੇਨ ਅੱਡ ਡਿਜੀਟਲ ਸੇਵਾ ਟੈਕਸ ਐਕਟ ਨੂੰ ਰੱਦ ਕਰਨ ਲਈ ਇੱਕ ਬਿੱਲ ਪੇਸ਼ ਕਰਨਗੇ। ਕੈਨੇਡੀਅਨ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਇੱਕ ਬਿਆਨ ਵਿਚ ਕਿਹਾ, ”ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ ਕਰਨ ਨਾਲ ਅਮਰੀਕਾ ਨਾਲ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ਦੀ ਗੱਲਬਾਤ ਨੂੰ ਹੁਲਾਰਾ ਮਿਲੇਗਾ।” ਡਿਜੀਟਲ ਸੇਵਾਵਾਂ ਟੈਕਸ ਐਮਾਜ਼ਾਨ, ਗੂਗਲ, ਮੈਟਾ, ਉਬੇਰ ਅਤੇ ਏ.ਆਰ.ਬੀ.ਐੱਨ.ਬੀ. ਸਮੇਤ ਕੰਪਨੀਆਂ ਨੂੰ ਕੈਨੇਡੀਅਨ ਉਪਭੋਗਤਾਵਾਂ ਤੋਂ ਹੋਣ ਵਾਲੇ ਮਾਲੀਏ ‘ਤੇ 3 ਪ੍ਰਤੀਸ਼ਤ ਲੇਵੀ ਨਾਲ ਪ੍ਰਭਾਵਿਤ ਕਰਨ ਵਾਲਾ ਸੀ।
ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ, ‘ਡੀ.ਐੱਸ.ਟੀ. ਦਾ ਐਲਾਨ 2020 ਵਿਚ ਕੀਤਾ ਗਿਆ ਸੀ ਕਿਉਂਕਿ ਕੈਨੇਡਾ ਵਿਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਕੈਨੇਡੀਅਨ ਨਾਗਰਿਕਾਂ ਤੋਂ ਹੋਣ ਵਾਲੀ ਆਪਣੀ ਆਮਦਨ ‘ਤੇ ਟੈਕਸ ਨਹੀਂ ਦੇ ਰਹੀਆਂ ਸਨ। ਕੈਨੇਡਾ ਦਾ ਹਮੇਸ਼ਾ ਤੋਂ ਡਿਜੀਟਲ ਸੇਵਾਵਾਂ ਦੇ ਟੈਕਸ ਨਾਲ ਸਬੰਧਤ ਇੱਕ ਬਹੁਪੱਖੀ ਸਮਝੌਤਾ ਕਰਨ ਦਾ ਉਦੇਸ਼ ਰਿਹਾ ਹੈ।’
ਕੈਨੇਡਾ ਨੇ ਅਮਰੀਕੀ ਕੰਪਨੀਆਂ ‘ਤੇ ਡਿਜੀਟਲ ਟੈਕਸ ਕੀਤਾ ਖਤਮ
