ਟੋਰਾਂਟੋ, 15 ਨਵੰਬਰ (ਪੰਜਾਬ ਮੇਲ)- ਕੈਨੇਡਾ ਵਿਚ ਹਿੰਦੂ ਸਭਾ ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਕੌਂਸਲਰ ਸਮਾਗਮ ਨੂੰ ਨਿਸ਼ਾਨਾ ਬਣਾਉਣ ਦੇ ਹਫ਼ਤੇ ਬਾਅਦ, ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਦੇ 2 ਸ਼ਹਿਰਾਂ ਨੇ ਬੁੱਧਵਾਰ ਨੂੰ ਪੂਜਾ ਸਥਾਨਾਂ ਦੇ ਆਸ-ਪਾਸ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਣ ਲਈ ਮਤੇ ਪਾਸ ਕੀਤੇ। ਇਸ ਸਬੰਧੀ ਇੱਕ ਮਤਾ ਪਹਿਲਾਂ ਮਿਸੀਸਾਗਾ ਸਿਟੀ ਕੌਂਸਲ ਵੱਲੋਂ ਪਾਸ ਕੀਤਾ ਗਿਆ ਸੀ। ਇਹ ਮਤਾ ਸ਼ਹਿਰ ਦੀ ਕੌਂਸਲਰ ਦੀਪਿਕਾ ਡੇਮੇਰਲਾ ਨੇ ਪੇਸ਼ ਕੀਤਾ ਸੀ। ਕੌਂਸਲ ਦੇ 10 ਮੈਂਬਰਾਂ ਨੇ ਇਸ ਦੇ ਹੱਕ ਵਿਚ ਵੋਟ ਪਾਈ ਅਤੇ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਉਥੇ ਹੀ ਇਸੇ ਤਰ੍ਹਾਂ ਦਾ ਮਤਾ ਬਾਅਦ ਵਿਚ ਬਰੈਂਪਟਨ ਸਿਟੀ ਕਾਉਂਸਿਲ ਵੱਲੋਂ ਵੀ ਪਾਸ ਕੀਤਾ ਗਿਆ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਸਿਟੀ ਕੌਂਸਲ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਸਦੇ ਪਾਸ ਹੋਣ ਤੋਂ ਬਾਅਦ, ਡੇਮੇਰਲਾ ਨੇ ਐਕਸ ‘ਤੇ ਪੋਸਟ ਕੀਤੀ ਕਿ ”ਕੌਂਸਲ ਸਟਾਫ਼ ਨੂੰ ਇੱਕ ਉਪ-ਨਿਯਮ ਨੂੰ ਲਾਗੂ ਕਰਨ ਲਈ ਨਿਰਦੇਸ਼ ਦੇਵੇਗੀ, ਜੋ ਸਾਰੇ ਪੂਜਾ ਸਥਾਨਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਂਦਾ ਹੈ। ਇਹ ਲੀਡਰਸ਼ਿਪ ਹੈ।” ਮਤੇ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਸਟਾਫ ਨੂੰ ਜਲਦੀ ਤੋਂ ਜਲਦੀ ਪੂਜਾ ਸਥਾਨ ਦੇ 100 ਮੀਟਰ ਦੇ ਅੰਦਰ, ਜਾਂ ਵਾਜਬ ਦੂਰੀ ਦੇ ਅੰਦਰ, ਪ੍ਰਦਰਸ਼ਨਾਂ ‘ਤੇ ਰੋਕ ਲਗਾਉਣ ਵਾਲੇ ਉਪ-ਕਾਨੂੰਨ ਨੂੰ ਲਾਗੂ ਕਰਨ ਦੀ ਸੰਭਾਵਨਾ ‘ਤੇ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਜਾਵੇਗਾ।