#CANADA

ਕੈਨੇਡਾ ਦੇ ਸਾਰਨੀਆ ‘ਚ ਮਾਮੂਲੀ ਤਕਰਾਰ ਕਾਰਨ ਪੰਜਾਬੀ ਨੌਜਵਾਨ ਦਾ ਕਤਲ

-ਕੁਝ ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਇਆ ਸੀ ਲੁਧਿਆਣੇ ਦਾ ਗੁਰਅਸੀਸ
ਵੈਨਕੂਵਰ, 5 ਦਸੰਬਰ (ਪੰਜਾਬ ਮੇਲ)- ਕੈਨੇਡੀਅਨ ਸੂਬੇ ਓਨਟਾਰੀਓ ‘ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ ਦੀ ਕੁਈਨਜ਼ ਰੋਡ ਸਥਿਤ ਇੱਕੋ ਘਰ ਵਿਚ ਨਾਲ ਰਹਿੰਦੇ ਵਿਅਕਤੀ ਵਲੋਂ ਬੀਤੇ ਦਿਨੀਂ ਪੰਜਾਬੀ ਨੌਜੁਆਨ ਦੀ ਹੱਤਿਆ ਕਰ ਦਿੱਤੀ ਗਈ। ਦੋਵੇਂ ਇੱਕ ਘਰ ‘ਚ ਕਿਰਾਏ ‘ਤੇ ਰਹਿੰਦੇ ਸੀ। ਘਟਨਾ ਦਾ ਕਾਰਨ ਦੋਹਾਂ ‘ਚ ਕਿਸੇ ਮਾਮਲੇ ਨੂੰ ਲੈ ਕੇ ਮਾਮੂਲੀ ਤਕਰਾਰ ਹੋਣਾ ਦੱਸਿਆ ਗਿਆ ਹੈ।
ਮ੍ਰਿਤਕ ਨੌਜੁਆਨ ਦੀ ਪਛਾਣ ਗੁਰਅਸੀਸ ਸਿੰਘ (22) ਵਜੋਂ ਹੋਈ ਹੈ, ਜੋ ਲੁਧਿਆਣੇ ਦਾ ਰਹਿਣ ਵਾਲਾ ਸੀ ਤੇ ਬੀ ਟੈੱਕ ਕਰਕੇ ਉਚੇਰੀ ਪੜ੍ਹਾਈ ਲਈ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਪਹੁੰਚਾ ਸੀ। ਸਾਰਨੀਆ ਪੁਲਿਸ ਵਲੋਂ ਮ੍ਰਿਤਕ ਦੀ ਪਛਾਣ ਜਾਰੀ ਕਰਨ ਤੋਂ ਬਾਅਦ ਦੱਸਿਆ ਗਿਆ ਹੈ ਕਿ 35 ਸਾਲਾ ਹਤਿਆਰੇ ਕਰੌਸਲੀ ਹੰਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ‘ਤੇ ਦੂਜਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਪੁਲਿਸ ਨੇ ਕਤਲ ਦਾ ਸਪੱਸ਼ਟ ਕਾਰਨ ਤਾਂ ਜ਼ਾਹਰ ਨਹੀਂ ਕੀਤਾ, ਪਰ ਲਾਏ ਗਏ ਦੋਸ਼ ਸਾਬਤ ਕਰਦੇ ਹਨ ਕਿ ਕਤਲ ਮਿੱਥ ਕੇ ਨਹੀਂ ਕੀਤਾ ਗਿਆ ਤੇ ਇਹ ਦੋਹਾਂ ‘ਚ ਕਿਸੇ ਕਾਰਨ ਹੋਈ ਤਕਰਾਰ ਦਾ ਨਤੀਜਾ ਹੋ ਸਕਦਾ ਹੈ। ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਨੂੰ ਕਈ ਵਾਰ ਇਕੱਠੇ ਜਾਂਦਿਆਂ ਵੇਖਿਆ ਸੀ। ਦੋਹਾਂ ਨੂੰ ਆਪਸ ਵਿਚ ਦੋਸਤ ਸਮਝਣ ਵਾਲੇ ਗਵਾਂਢੀ ਕਤਲ ਬਾਰੇ ਸੁਣ ਕੇ ਹੈਰਾਨ ਰਹਿ ਗਏ।
ਗੁਰਅਸੀਸ ਲੈਂਬਟਨ ਕਾਲਜ ਦਾ ਵਿਦਿਆਰਥੀ ਸੀ ਤੇ ਇੰਜੀਨੀਅਰਿੰਗ ਦੀ ਉਚੇਰੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਪਰਿਵਾਰ ਨੂੰ ਪੁੱਤਰ ਦੀ ਮੌਤ ਦਾ ਪਤਾ ਪੁਲਿਸ ਵਲੋਂ ਕੀਤੇ ਗਏ ਫੋਨ ਤੋਂ ਲੱਗਾ। ਪੁਲਿਸ ਅਨੁਸਾਰ ਗੁਰਅਸੀਸ ਦੇ ਸਰੀਰ ‘ਤੇ ਕਈ ਡੂੰਘੇ ਜ਼ਖ਼ਮ ਸਨ, ਜੋ ਕਿਸੇ ਤਿੱਖੇ ਹਥਿਆਰ ਦੇ ਹੋ ਸਕਦੇ ਹਨ। ਪੁਲਿਸ ਡਾਕਟਰੀ ਰਿਪੋਰਟ ਤੋਂ ਬਾਅਦ ਹੋਰ ਦੋਸ਼ ਵੀ ਆਇਦ ਕਰ ਸਕਦੀ ਹੈ।