#CANADA

ਕੈਨੇਡਾ ਦੇ ਸ਼ੈਰੀਡਨ ਕਾਲਜ ਵੱਲੋਂ 40 ਪ੍ਰੋਗਰਾਮ ਮੁਅੱਤਲ ਕਰਨ ਦਾ ਐਲਾਨ

ਵਿਨੀਪੈਗ, 29 ਨਵੰਬਰ (ਪੰਜਾਬ ਮੇਲ)- ਫੈੱਡਰਲ ਸਰਕਾਰ ਵੱਲੋਂ ਕੌਮਾਂਤਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ‘ਤੇ ਕੈਪ ਲਾਉਣ ਦੇ ਐਲਾਨ ਮਗਰੋਂ ਸ਼ੈਰੀਡਨ ਕਾਲਜ ਵੱਲੋਂ ਜਿੱਥੇ ਆਪਣੇ 40 ਪ੍ਰੋਗਰਾਮ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਸਟਾਫ਼ ਵੀ ਘਟਾ ਦਿੱਤਾ ਗਿਆ ਹੈ।
ਸਰਕਾਰ ਦੇ ਐਲਾਨ ਮਗਰੋਂ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਇਹ ਪਹਿਲਾ ਕਾਲਜ ਹੈ। ਕਾਲਜ ਅਨੁਸਾਰ ਕੈਂਪਸ ਵਿਚ 40,000 ਤੋਂ ਵੱਧ ਵਿਦਿਆਰਥੀ ਹਨ। ਇਹ ਕੈਨੇਡਾ ਦਾ ਮੋਹਰੀ ਦਾ ਐਨੀਮੇਸ਼ਨ ਕਾਲਜ ਹੈ, ਜਿਸ ਵਿਚੋਂ ਸੱਤ ਸ਼ੈਰੀਡਨ-ਸਿਖਲਾਈ ਪ੍ਰਾਪਤ ਐਨੀਮੇਟਰਾਂ ਨੇ ਅਕੈਡਮੀ ਐਵਾਰਡ ਜਿੱਤਿਆ ਹੈ। ਓਨਟਾਰੀਓ ਦੇ ਇਸ ਕਾਲਜ ਨੇ ਸਰਕਾਰੀ ਨੀਤੀ ਵਿਚ ਤਬਦੀਲੀ ਅਤੇ ਦਾਖ਼ਲੇ ਵਿਚ ਗਿਰਾਵਟ ਦਾ ਹਵਾਲਾ ਦਿੰਦਿਆਂ ਆਪਣੇ ਦਰਜਨਾਂ ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਆਪਣੇ ਸਟਾਫ਼ ਨੂੰ ਘਟਾ ਦਿੱਤਾ ਹੈ। ਸ਼ੈਰੀਡਨ ਕਾਲਜ ਨੇ ਆਪਣੀ ਵੈੱਬਸਾਈਟ ‘ਤੇ ਕਿਹਾ, ‘ਇਨ੍ਹਾਂ ਪ੍ਰੋਗਰਾਮਾਂ ਵਿਚ ਸਾਰੇ ਮੌਜੂਦਾ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਮੌਕਾ ਮਿਲੇਗਾ, ਪਰ ਅਸੀਂ ਅੱਗੇ ਨਵੇਂ ਸਾਲ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇਵਾਂਗੇ।’
ਬਰੈਂਪਟਨ, ਮਿਸੀਸਾਗਾ ਅਤੇ ਓਕਵਿਲੇ ਵਿਚ ਕੈਂਪਸ ਰੱਖਣ ਵਾਲੇ ਕਾਲਜ ਨੇ ਕਿਹਾ ਕਿ ਕੁਝ ਮੁਅੱਤਲੀਆਂ ਮਈ ਦੇ ਸ਼ੁਰੂ ਵਿਚ ਲਾਗੂ ਹੋਣਗੀਆਂ ਪਰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿਚ ਪ੍ਰੋਗਰਾਮ ਬੰਦ ਹੋ ਜਾਣਗੇ। ਸ਼ੈਰੀਡਨ ਕਾਲਜ ਵਿਚ ਪ੍ਰਭਾਵਿਤ ਮੁਅੱਤਲ ਕੀਤੇ ਜਾ ਰਹੇ ਪ੍ਰੋਗਰਾਮਾਂ ਵਿਚ ਅਪਲਾਈਡ ਸਾਇੰਸ ਐਂਡ ਟੈਕਨਾਲੋਜੀ ਦੀ ਫੈਕਲਟੀ ਵਿਚ 13, ਬਿਜ਼ਨਸ ਪ੍ਰੋਗਰਾਮਾਂ ਦੇ 13, ਐਨੀਮੇਸ਼ਨ, ਆਰਟਸ ਅਤੇ ਡਿਜ਼ਾਈਨ ਦੀ ਫੈਕਲਟੀ ਵਿਚ ਛੇ, ਅਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ਵਿਚ ਪੰਜ ਅਤੇ ਹਿਊਮੈਨਿਟੀ ਅਤੇ ਸਮਾਜਿਕ ਵਿਗਿਆਨ ਵਿਚ ਤਿੰਨ ਪ੍ਰੋਗਰਾਮ ਸ਼ਾਮਲ ਹਨ।
ਇਸ ਸਾਲ ਦੀ ਸ਼ੁਰੂਆਤ ਵਿਚ ਓਟਾਵਾ ਨੇ ਐਲਾਨ ਕੀਤਾ ਸੀ ਕਿ ਉਹ ਰਿਹਾਇਸ਼ ਦੀ ਘਾਟ ਅਤੇ ਰਹਿਣ ਦੀ ਲਾਗਤ ਦੇ ਜਵਾਬ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾ ਰਿਹਾ ਹੈ। ਪਿਛਲੇ ਮਹੀਨੇ ਕੌਂਸਲ ਆਫ਼ ਓਨਟਾਰੀਓ ਯੂਨੀਵਰਸਿਟੀਜ਼ ਨੇ ਕਿਹਾ ਸੀ ਕਿ ਇਸ ਸੀਮਾ ਨਾਲ ਓਨਟਾਰੀਓ ਦੇ ਸਕੂਲਾਂ ਨੂੰ ਲਗਪਗ 1 ਅਰਬ ਡਾਲਰ ਦਾ ਮਾਲੀਆ ਨੁਕਸਾਨ ਹੋ ਸਕਦਾ ਹੈ। ਕਾਲਜ ਦੀ ਪ੍ਰਧਾਨ ਜੈਨੇਟ ਮੌਰੀਸਨ ਦੇ ਬਿਆਨ ਅਨੁਸਾਰ ਕਾਲਜ ਦਾ ਅਨੁਮਾਨ ਹੈ ਕਿ ਅਗਲੇ ਸਾਲ 30 ਫ਼ੀਸਦੀ ਘੱਟ ਵਿਦਿਆਰਥੀ ਦਾਖ਼ਲਾ ਲੈਣਗੇ, ਜਿਸ ਨਾਲ ਮਾਲੀਏ ਵਿਚ ਤਕਰੀਬਨ 11.2 ਕਰੋੜ ਡਾਲਰ ਦੀ ਕਮੀ ਆਵੇਗੀ।