#CANADA

ਕੈਨੇਡਾ ਦੇ ਸ਼ਹਿਰ ਵਿੰਡਸਰ ‘ਚ ਰੁਪਿੰਦਰ ਕੌਰ ਦੀ ਲਾਸ਼ ਦੀ ਪਛਾਣ ਕੀਤੀ ਜਨਤਕ

ਟੋਰਾਂਟੋ, 4 ਦਸੰਬਰ (ਪੰਜਾਬ ਮੇਲ)-ਕੈਨੇਡਾ ‘ਚ ਓਨਟਾਰੀਓ ਸੂਬੇ ਦੇ ਦੱਖਣ ਵਿਚ ਅਮਰੀਕਾ ਦੀ ਸਰਹੱਦ ਨਾਲ਼ ਲੱਗਦੇ ਸ਼ਹਿਰ ਵਿੰਡਸਰ ‘ਚ ਬੀਤੇ ਸਾਲ 17 ਦਸੰਬਰ ਨੂੰ ਲਾਪਤਾ ਹੋਈ ਰੁਪਿੰਦਰ ਕੌਰ (27) ਦੀ ਲਾਸ਼ ਦੀ ਪਛਾਣ ਹੁਣ ਸਥਾਨਕ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਉਸ ਦੀ ਲਾਸ਼ ਬੀਤੇ ਜੂਨ ਮਹੀਨੇ ਵਿਚ ਡਿਟ੍ਰੋਇਟ ਦਰਿਆ ਵਿਚੋਂ ਮਿਲੀ ਸੀ। ਪੁਲਿਸ ਵੱਲੋਂ ਇਸ ਬਾਰੇ ਵਧੇਰੇ ਵੇਰਵੇ ਜਾਰੀ ਨਹੀਂ ਕੀਤੇ ਗਏ, ਪਰ ਮਿਲੀ ਜਾਣਕਾਰੀ ਅਨੁਸਾਰ ਇਸ ਮੌਤ ਪਿੱਛੇ ਕੋਈ ਅਪਰਾਧਿਕ ਕਾਰਨ ਨਹੀਂ ਹਨ। ਇਕ ਵੱਖਰੀ ਖ਼ਬਰ ਅਨੁਸਾਰ ਹੈਮਿਲਟਨ ਪੁਲਿਸ ਨੇ 1,20,000 ਡਾਲਰਾਂ ਦੇ ਮੁੱਲ ਦੇ ਸੈੱਲਫੋਨ ਚੋਰੀ ਕਰਨ ਦੀ ਕੇਸ ਵਿਚ ਨਵਜੋਤ ਸਿੰਘ (38) ਅਤੇ ਪੁਨੀਤ ਸਿੰਘ (45) ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਹੈ। ਉਹ ਦੋਵੇਂ ਟੋਰਾਂਟੋ ਨੇੜੇ ਓਕਵਿੱਲ ਸ਼ਹਿਰ ਵਿਚ ਰਹਿੰਦੇ ਹਨ। ਦਸੰਬਰ 2024 ਅਤੇ ਜਨਵਰੀ 2025 ਵਿਚ ਸ਼ੱਕੀਆਂ ਨੇ ਸਟੋਨੀ ਕਰੀਕ ਵਿਖੇ ਟੀਫੋਰਸ ਲੌਜਿਸਟਸ ਦੇ ਵੇਅਰਹਾਊਸ ਵਿਚ ਵੜ ਕੇ ਬੈੱਲ ਕੈਨੇਡਾ ਦੇ ਸੈੱਲਫੋਨ ਚੋਰੀ ਕੀਤੇ ਸਨ। ਇਸ ਫਰਾਡ ਅਤੇ ਚੋਰੀ ਦੇ ਕੇਸਾਂ ‘ਚ ਪੁਨੀਤ ਅਤੇ ਨਵਜੋਤ ਦੀਆਂ ਅਦਾਲਤਾਂ ਵਿਚ ਤਰੀਕਾਂ ਪੈ ਰਹੀਆਂ ਹਨ।