ਟੋਰਾਂਟੋ, 6 ਫਰਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਵੱਲੋਂ ਹੁਣ ਹਰੇਕ ਤਰ੍ਹਾਂ ਦੇ ਵੀਜ਼ਾ ਦੇਣ ਦੀ ਗਿਣਤੀ ਘਟਾ ਦਿੱਤੀ ਗਈ ਹੈ, ਜਿਸ ਨਾਲ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਸਾਧਨ ਜੁਟਾਏ ਜਾ ਸਕੇ ਹਨ ਅਤੇ ਸਿੱਟੇ ਵਜੋਂ ਇੰਤਜ਼ਾਰ ਕਰ ਰਹੇ ਲੋਕਾਂ ਦੀ ਗਿਣਤੀ ਘੱਟ ਹੋ ਰਹੀ ਹੈ, ਜਦੋਂਕਿ ਪਿਛਲੇ ਕਈ ਸਾਲਾਂ ਦੇ ਅੰਕੜਿਆਂ ਅਨੁਸਾਰ 20 ਲੱਖ ਤੋਂ ਵੱਧ ਵਿਦੇਸ਼ੀ ਲੋਕ ਅਪਲਾਈ ਕਰਕੇ ਵੀਜ਼ਿਆਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਅਤੇ ਅਕਸਰ ਉਨ੍ਹਾਂ ਦੀਆਂ ਅਰਜ਼ੀਆਂ ਦੇ ਨਿਪਟਾਰੇ ਨੂੰ ਦੇਰੀ ਲੱਗ ਜਾਂਦੀ ਹੈ। 2024 ਦੇ ਅਖੀਰ ‘ਚ ਪਹਿਲੀ ਵਾਰੀ ਕੈਨੇਡਾ ਦੇ ਵੀਜ਼ਾ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੀ ਗਿਣਤੀ ‘ਚ ਕਮੀ ਦਰਜ ਕੀਤੀ ਗਈ ਹੈ ਪਰ ਅਜੇ ਵੀ 31 ਦਸੰਬਰ, 2024 ਦੇ ਅੰਕੜੇ ਅਨੁਸਾਰ ਅਪਲਾਈ ਕਰਕੇ ਇੰਤਜ਼ਾਰ ਕਰ ਰਹੇ ਵਿਦੇਸ਼ੀਆਂ ਦੀ ਗਿਣਤੀ 2119900 ਤੋਂ ਵੱਧ ਸੀ, ਜਦਕਿ ਨਵੰਬਰ 2024 ‘ਚ ਇਹੀ ਗਿਣਤੀ 2267700 ਸੀ। ਅਧਿਕਾਰੀਆਂ ਨੂੰ ਪ੍ਰਾਪਤ ਹੁੰਦੀਆਂ ਵੀਜ਼ਾ ਅਤੇ ਇਮੀਗ੍ਰੇਸ਼ਨ ਅਰਜ਼ੀਆਂ ‘ਚੋਂ ਲਗਭਗ 50 ਫ਼ੀਸਦੀ ਦਾ ਨਿਪਟਾਰਾ ਨਿਰਧਾਰਿਤ ਸਮੇਂ ‘ਚ ਕਰ ਦਿੱਤਾ ਜਾਂਦਾ ਹੈ, ਜਦਕਿ ਬਹੁਤ ਸਾਰੇ ਅਰਜ਼ੀਕਰਤਾਵਾਂ ਨੂੰ ਕੈਨੇਡਾ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਤੋਂ ਵੱਧ ਇੰਤਜ਼ਾਰ ਕਰਨਾ ਪੈਂਦਾ ਹੈ। ਨਿਰਧਾਰਿਤ ਸਟੈਂਡਰਡ ਅਨੁਸਾਰ ਐਕਸਪ੍ਰੈੱਸ ਐਂਟਰੀ ਦੇ ਡਰਾਅ ਵਾਲੀ ਇਮੀਗ੍ਰੇਸ਼ਨ ਅਰਜ਼ੀ ਦਾ ਨਿਪਟਾਰਾ 6 ਮਹੀਨਿਆਂ ‘ਚ ਅਤੇ ਫੈਮਿਲੀ ਕਲਾਸ ਅਰਜ਼ੀ ਦਾ ਫੈਸਲਾ 12 ਕੁ ਮਹੀਨਿਆਂ ‘ਚ ਹੋਣਾ ਜ਼ਰੂਰੀ ਹੈ ਪਰ ਇਨ੍ਹਾਂ ਵਰਗਾਂ ‘ਚ ਵੀ ਆਮ ਤੌਰ ‘ਤੇ ਸਰਵਿਸ ਸਟੈਂਡਰਡ ਤੋਂ ਵੱਧ ਸਮਾਂ ਲੱਗਦਾ ਹੈ। ਬੀਤੇ ਸਾਲ ਦੇ ਅਖੀਰ ‘ਚ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ 836000 ਤੋਂ ਵੱਧ ਲੋਕਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕਰਨਾ ਬਾਕੀ ਸੀ। ਬੀਤੇ 6 ਕੁ ਸਾਲਾਂ ਤੋਂ ਬਹੁਤ ਵੱਡੀ ਗਿਣਤੀ ‘ਚ ਸਟੱਡੀ, ਵਰਕ ਪਰਮਿਟ ਅਤੇ ਵਿਜ਼ਿਟਰ ਵੀਜ਼ਾ (ਆਰਜ਼ੀ ਪਰਮਿਟ) ਅਪਲਾਈ ਕੀਤੇ ਜਾਂਦੇ ਰਹੇ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਕੋਲ ਸਟਾਫ ਅਤੇ ਸਾਧਨਾਂ ਦੀ ਘਾਟ ਕਰਕੇ ਅਰਜ਼ੀਆਂ ਉਪਰ ਕੰਮ ਕਰਨ ਨੂੰ ਹੱਦੋਂ ਵੱਧ ਲੰਬਾ ਸਮਾਂ ਲੱਗਦਾ ਰਿਹਾ ਅਤੇ ਲੋਕਾਂ ਨੂੰ ਆਪਣੀ ਅਰਜ਼ੀ ਬਾਰੇ ਪਤਾ ਕਰਨ ‘ਚ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।