#CANADA

ਕੈਨੇਡਾ ਦੇ ਵਿਜ਼ਟਰ, ਸਟੱਡੀ, ਵਰਕ ਪਰਮਿਟ ਵੀਜ਼ਾ ਪ੍ਰੋਸੈਸਿੰਗ ‘ਚ ਲੱਗਣ ਵਾਲਾ ਸਮਾਂ ਘਟਿਆ

ਟੋਰਾਂਟੋ, 18 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲਾ ਸਮਾਂ ਲਗਾਤਾਰ ਘੱਟ ਰਿਹਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ, ਹੁਣ ਭਾਰਤੀ ਲੋਕਾਂ ਨੂੰ ਵਿਜ਼ਟਰ ਵੀਜ਼ਾ 78 ਦਿਨਾਂ ਵਿਚ ਜਾਰੀ ਕੀਤੇ ਜਾ ਰਹੇ ਹਨ, ਜਦਕਿ ਪਾਕਿਸਤਾਨੀ ਨਾਗਰਿਕਾਂ ਨੂੰ ਇਸ ਲਈ 58 ਦਿਨ ਉਡੀਕ ਕਰਨੀ ਪੈਂਦੀ ਹੈ। ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਦੌਰਾਨ ਭਾਰਤ ਤੋਂ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਉਡੀਕ ਸਮਾਂ 90 ਦਿਨਾਂ ਤੋਂ ਵੱਧ ਸੀ। ਜੇਕਰ ਕੋਈ ਵਿਅਕਤੀ ਕੈਨੇਡਾ ਵਿਚ ਮੌਜੂਦਗੀ ਦੌਰਾਨ ਵਿਜ਼ਟਰ ਵੀਜ਼ਾ ਲੈਂਦਾ ਹੈ, ਤਾਂ ਉਸ ਦੀ ਪ੍ਰੋਸੈਸਿੰਗ ਸਿਰਫ਼ 21 ਦਿਨਾਂ ਵਿਚ ਹੋ ਰਹੀ ਹੈ।
ਭਾਰਤੀ ਵਿਦਿਆਰਥੀਆਂ ਲਈ ਵੀ ਚੰਗੀ ਖ਼ਬਰ ਹੈ, ਕਿਉਂਕਿ ਉਨ੍ਹਾਂ ਦੀਆਂ ਸਟੱਡੀ ਵੀਜ਼ਾ ਅਰਜ਼ੀਆਂ ਹੁਣ 4 ਹਫ਼ਤਿਆਂ ਦੇ ਅੰਦਰ ਪ੍ਰੋਸੈਸ ਹੋ ਰਹੀਆਂ ਹਨ, ਜਦਕਿ ਪਾਕਿਸਤਾਨੀ ਵਿਦਿਆਰਥੀਆਂ ਲਈ ਇਹ ਸਮਾਂ 7 ਹਫ਼ਤੇ ਹੈ। ਇਸੇ ਤਰ੍ਹਾਂ ਭਾਰਤੀਆਂ ਲਈ ਵਰਕ ਪਰਮਿਟ ਦਾ ਉਡੀਕ ਸਮਾਂ 8 ਹਫ਼ਤੇ ਹੈ, ਪਰ ਪਾਕਿਸਤਾਨੀ ਲੋਕਾਂ ਲਈ ਇਹ ਸਮਾਂ 20 ਹਫ਼ਤਿਆਂ ਤੋਂ ਵਧ ਕੇ 30 ਹਫ਼ਤੇ ਹੋ ਗਿਆ ਹੈ। ਹਾਲਾਂਕਿ, ਸੁਪਰ ਵੀਜ਼ਾ ਦੇ ਮਾਮਲੇ ਵਿਚ ਭਾਰਤੀਆਂ ਨੂੰ 213 ਦਿਨਾਂ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ।
ਦੂਜੇ ਪਾਸੇ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਅਤੇ ਨਾਗਰਿਕਤਾ ਵਿਚ ਦੇਰੀ, ਪੱਕੀ ਰਿਹਾਇਸ਼ ਅਤੇ ਨਾਗਰਿਕਤਾ ਦੀ ਉਡੀਕ ਕਰ ਰਹੇ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ:
* ਕੈਨੇਡੀਅਨ ਐਕਸਪੀਰੀਐਂਸ ਕਲਾਸ ਅਧੀਨ ਅਰਜ਼ੀਆਂ ਦੀ ਗਿਣਤੀ ਵਧ ਕੇ 34,200 ਹੋ ਗਈ ਹੈ।
* ਸਿਟੀਜ਼ਨਸ਼ਿਪ (ਨਾਗਰਿਕਤਾ) ਦੀ ਪ੍ਰੋਸੈਸਿੰਗ ਵਿਚ ਹੁਣ ਔਸਤਨ 14 ਮਹੀਨੇ ਲੱਗ ਰਹੇ ਹਨ, ਅਤੇ ਇਸ ਕਤਾਰ ਵਿਚ 3 ਲੱਖ 13 ਹਜ਼ਾਰ ਤੋਂ ਵੱਧ ਪ੍ਰਵਾਸੀ ਖੜ੍ਹੇ ਹਨ।
* ਫੈਮਿਲੀ ਸਪਾਂਸਰਸ਼ਿਪ ਅਧੀਨ ਬਾਹਰ ਰਹਿ ਰਹੇ ਜੀਵਨ ਸਾਥੀ ਦੀ ਅਰਜ਼ੀ ‘ਤੇ ਔਸਤਨ 15 ਮਹੀਨੇ ਲੱਗ ਰਹੇ ਹਨ।
ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਬਰਕਰਾਰ ਹੈ। ਨਿੱਜੀ ਤੌਰ ‘ਤੇ ਪੇਸ਼ ਹੋ ਕੇ ਨਵਾਂ ਪਾਸਪੋਰਟ 10 ਦਿਨਾਂ ਵਿਚ ਅਤੇ ਡਾਕ ਰਾਹੀਂ 20 ਦਿਨਾਂ ਵਿਚ ਬਣ ਕੇ ਆ ਰਿਹਾ ਹੈ।