ਵੈਨਕੂਵਰ, 29 ਮਈ (ਪੰਜਾਬ ਮੇਲ)- ਕੈਨੇਡਾ ਦੇ ਟਾਪ-11 ਗੈਂਗਸਟਰਾਂ ਵਿਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਵੈਨਕੂਵਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਵੈਨਕੂਵਰ ਦੇ ਫਰੇਜ਼ਰਵਿਊ ਬੈਂਕੁਇਟ ਹਾਲ ਵਿਚ ਵਿਆਹ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਤੜਕੇ 1:30 ਵਜੇ ਦੇ ਕਰੀਬ ਹਾਲ ਤੋਂ ਬਾਹਰ ਨਿਕਲ ਰਿਹਾ ਸੀ, ਤਾਂ ਉਦੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਅਮਰਪ੍ਰੀਤ ਸਮਰਾ ਦੀ ਗੱਡੀ ਵਾਰਦਾਤ ਵਾਲੀ ਥਾਂ ਤੋਂ ਕੁਝ ਹੀ ਦੂਰੀ ਉਤੇ ਸੜ੍ਹੀ ਹਾਲਤ ਵਿਚ ਮਿਲੀ ਹੈ।
ਪੁਲਿਸ ਨੂੰ ਖਦਸ਼ਾ ਹੈ ਕਿ ਉਸ ਦੇ ਵਿਰੋਧੀ ਗੈਂਗ ਨੇ ਗੋਲੀਆਂ ਮਾਰੀਆਂ ਹਨ।
ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਸਬੰਧ ਸੰਯੁਕਤ ਰਾਸ਼ਟਰ (ਯੂ.ਐੱਨ.) ਗੈਂਗ ਨਾਲ ਸੀ, ਜਿਸਦੀ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਕਈ ਸਾਲਾਂ ਤੋਂ ਦੁਸ਼ਮਣੀ ਚੱਲ ਰਹੀ ਸੀ। ਕਾਤਲ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਤੋਂ ਹੋਣ ਦੀ ਸੰਭਾਵਨਾ ਹੈ। ਪੁਲਿਸ ਜਵਾਬੀ ਕਾਰਵਾਈ ਨੂੰ ਲੈ ਕੇ ਚਿੰਤਤ ਹੈ। ਪੁਲਿਸ ਮੁਤਾਬਕ ਪੈਰਾਮੈਡਿਕਸ ਦੇ ਪਹੁੰਚਣ ਤੱਕ ਉਨ੍ਹਾਂ ਨੇ ਪੀੜਤ ਨੂੰ ਸੀ.ਪੀ.ਆਰ. ਦਿੱਤੀ, ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।