#CANADA

ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ‘ਤੇ ਬੰਬ ਦੀ ਧਮਕੀ ਮਗਰੋਂ ਉਡਾਣਾਂ ‘ਚ ਦੇਰੀ

ਕਈ ਥਾਈਂ ਹਵਾਈ ਅੱਡੇ ਖਾਲੀ ਕਰਵਾਏ; ਜਾਂਚ ਮਗਰੋਂ ਉਡਾਣਾਂ ਮੁੜ ਹੋਈਆਂ ਸ਼ੁਰੂ
ਵੈਨਕੂਵਰ, 4 ਜੁਲਾਈ (ਪੰਜਾਬ ਮੇਲ)- ਕੈਨੇਡਾ ਵਿਚ ਵੀਰਵਾਰ ਸਵੇਰੇ ਉਪਰੋਥੱਲੀ ਮਿਲੀਆਂ ਬੰਬ ਦੀਆਂ ਧਮਕੀਆਂ ਮਗਰੋਂ ਲਗਪਗ ਸਾਰੇ ਪ੍ਰਮੁੱਖ ਹਵਾਈ ਅੱਡਿਆਂ ਨੂੰ ਖਾਲੀ ਕਰਵਾ ਲਿਆ ਗਿਆ। ਇਨ੍ਹਾਂ ਧਮਕੀਆਂ ਕਰਕੇ ਉਡਾਣਾਂ ਵੀ ਅਸਰ ਅੰਦਾਜ਼ ਹੋਈਆਂ ਤੇ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ। ਸੁਰੱਖਿਆ ਏਜੰਸੀਆਂ ਨੇ ਫੌਰੀ ਹਰਕਤ ਵਿਚ ਆਉਂਦਿਆਂ ਹਵਾਈ ਅੱਡਿਆਂ ਤੇ ਉਡਾਣਾਂ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਤੋਂ ਬਾਅਦ ਇਨ੍ਹਾਂ ਵਿਚੋਂ ਬਹੁਤੇ ਹਵਾਈ ਅੱਡਿਆਂ ਤੋਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ।
ਨੈਵੀਗੇਸ਼ਨ ਕੈਨੇਡਾ ਨੇ ਐਕਸ ‘ਤੇ ਇਕ ਬਿਆਨ ਵਿਚ ਕਿਹਾ ਕਿ ਉਸ ਨੂੰ ਓਟਵਾ, ਮਾਂਟਰੀਅਲ, ਐਡਮਿੰਟਨ, ਵਿਨੀਪੈਗ, ਕੈਲਗਰੀ ਅਤੇ ਵੈਨਕੂਵਰ ਵਿਚ ਹਵਾਈ ਅੱਡਿਆਂ ‘ਤੇ ਬੰਬ ਦੀਆਂ ਧਮਕੀਆਂ ਬਾਰੇ ਜਾਣਕਾਰੀ ਮਿਲੀ ਹੈ। ਬਿਆਨ ਵਿਚ ਕਿਹਾ ਗਿਆ, ”ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਸਬੰਧਤ ਹਵਾਈ ਅੱਡਿਆਂ ‘ਤੇ ਇੱਕ ਅਸਥਾਈ ਪਾਬੰਦੀਆਂ ਲਾਈਆਂ ਗਈਆਂ ਹਨ।” ਬੰਬ ਦੀਆਂ ਧਮਕੀਆਂ ਕਰਕੇ ਉਡਾਣਾਂ ਵਿਚ ਦੇਰੀ ਤੋਂ ਬਾਅਦ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ।
ਨੈਵ ਕੈਨੇਡਾ ਨੇ ਕਿਹਾ, ”ਅਸੀਂ ਕਰਮਚਾਰੀਆਂ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਅਪਡੇਟਸ ਲਈ ਸਿੱਧੇ ਆਪਣੀ ਏਅਰਲਾਈਨ ਨਾਲ ਸੰਪਰਕ ਕਰਨ।” ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੇ ਜਾਣ ਮਗਰੋਂ ਹਵਾਈ ਅੱਡਿਆਂ ‘ਤੇ ਰੁਟੀਨ ਕਾਰਵਾਈਆਂ ਮੁੜ ਸ਼ੁਰੂ ਹੋ ਗਈਆਂ ਹਨ।