ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਸਿਖਰਾਂ ਦੇ ਸਫ਼ਾਰਤੀ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੰਭੀਰ ਦੋਸ਼ ਲਾਏ ਹਨ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਜੁਰਮਾਂ (ਨੂੰ ਅੰਜਾਮ ਦੇਣ ਵਾਲਿਆਂ) ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਨਵੀਂ ਦਿੱਲੀ ਦੀ ‘ਭਾਰੀ ਗ਼ਲਤੀ’ ਕਰਾਰ ਦਿੱਤਾ ਹੈ।
ਟਰੂਡੋ ਨੇ ਇਹ ਟਿੱਪਣੀਆਂ ਸੋਮਵਾਰ ਨੂੰ ਭਾਰਤ ਵੱਲੋਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਨਾਲ ਹੀ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਅਤੇ ‘ਨਿਸ਼ਾਨਾ ਬਣਾਏ ਗਏ’ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀਆਂ ਹਨ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਵਿਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੀ ਜਾਂਚ ਨਾਲ ਭਾਰਤੀ ਸਫ਼ੀਰਾਂ ਦਾ ਨਾਂ ਜੋੜਦਿਆਂ ਓਟਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਛੇ ਭਾਰਤੀ ਡਿਪਲੋਮੈਟਾਂ ਨੂੰ ਮੁਲਕ ਵਿਚੋਂ ਬਰਤਰਫ਼ ਕਰ ਦਿੱਤਾ ਸੀ।