ਵੈਨਕੂਵਰ, 7 ਮਈ (ਪੰਜਾਬ ਮੇਲ)- ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ‘ਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ ਬਾਅਦ 7 ਸਤੰਬਰ 2023 ਨੂੰ ਜਸਟਿਸ ਮੈਰੀ ਜੋਸ ਹੋਗ ਦੀ ਅਗਵਾਈ ‘ਚ ਨਿਯੁਕਤ ਹੋਏ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ‘ਚ ਵਿਦੇਸ਼ੀ ਦਖਲ ਦੀਆਂ ਪਰਤਾਂ ਖੋਲ੍ਹਦਿਆਂ ਇਸ ਨੂੰ ਕੈਨੇਡੀਅਨ ਸਿਸਟਮ ‘ਤੇ ਕਾਲਾ ਧੱਬਾ ਕਰਾਰ ਦਿੱਤਾ ਹੈ। ਕਮਿਸ਼ਨ ਨੇ ਕੈਨੇਡੀਅਨ ਚੋਣਾਂ ਵਿਚ ਦਿਲਚਸਪੀ ਲੈ ਕੇ ਅੰਦਰਖਾਤੇ ਭੂਮਿਕਾ ਨਿਭਾਉਣ ਵਾਲੇ ਹੋਰ ਦੇਸ਼ਾਂ ਦੇ ਨਾਂ ਲਿਖਣ ਤੋਂ ਗੁਰੇਜ਼ ਕੀਤਾ ਹੈ ਪ੍ਰੰਤੂ ਚੀਨ ‘ਤੇ ਵਰ੍ਹਦਿਆਂ ਕਿਹਾ ਕਿ ਬੇਸ਼ੱਕ ਉਸ ਦੀ ਭੂਮਿਕਾ ਨੇ ਨਤੀਜਿਆਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਛੱਡਿਆ ਪਰ ਇਸ ਰੁਝਾਨ ਨੂੰ ਇੱਥੇ ਹੀ ਨੱਥ ਪਾਉਣ ਦੀ ਲੋੜ ਹੈ। ਇਸ ਲਈ ਸਰਕਾਰ ਨੂੰ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ। ਕਮਿਸ਼ਨ ਨੇ ਕੁਝ ਖਾਸ ਹਲਕਿਆਂ ਦਾ ਜ਼ਿਕਰ ਕਰਦਿਆਂ ਉੱਥੇ ਵੱਸਦੇ ਵਿਦੇਸ਼ੀ ਮੂਲ ਦੇ ਭਾਈਚਾਰਿਆਂ ਨੂੰ ਪ੍ਰਭਾਵਿਤ ਕੀਤੇ ਜਾਣ ਵਾਲੀਆਂ ਰਿਕਾਰਡ ‘ਤੇ ਲਈਆਂ ਗਵਾਹੀਆਂ ਦੀ ਡੂੰਘੀ ਘੋਖ ਕਰਦਿਆਂ ਕਿਹਾ ਕਿ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਵਲੋਂ ਮਨਮਰਜ਼ੀ ਦੇ ਲੋਕਾਂ ਨੂੰ ਜਿਤਾਉਣ ਲਈ ਮਨੁੱਖੀ ਮਾਨਸਿਕਤਾ ਨੂੰ ਟੂਲ ਬਣਾ ਕੇ ਵਰਤਣ ਦੇ ਯਤਨ ਕੀਤੇ ਗਏ। ਕਮਿਸ਼ਨ ਨੇ ਬਾਹਰਲੇ ਮੁਲਕਾਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਦੀ ਵਰਤੋਂ ਨਾ ਹੋਣ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਕਮਿਸ਼ਨ ਨੇ ਪ੍ਰਧਾਨ ਮੰਤਰੀ ਵਲੋਂ 2017 ਵਿਚ ਆਪੇ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਵਿਚ ਚੀਨ ਦੀ ਦਖਲਅੰਦਾਜ਼ੀ ਤੇ ਫਿਰ ਖੁਫੀਆਤੰਤਰ ਵਲੋਂ ਖਬਰਦਾਰ ਕੀਤੇ ਜਾਣ ਨੂੰ ਅਣਗੌਲਿਆ ਕੀਤੇ ਜਾਣ ਨੂੰ ਮੰਦਭਾਗਾ ਕਹਿੰਦਿਆਂ ਅੱਗੇ ਤੋਂ ਚੌਕਸ ਰਹਿਣ ਲਈ ਕਿਹਾ।