ਟੋਰਾਂਟੋ, 2 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਇਕ ਮਹੱਤਵਪੂਰਨ ਐਲਾਨ ਕਰਦਿਆਂ ਵਿਦੇਸ਼ਾਂ ਤੋਂ ਕੈਨੇਡਾ ‘ਚ ਸੈਰ ਕਰਨ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀਜ਼ਾ ਲੈ ਕੇ ਪੁੱਜੇ ਲੋਕਾਂ ਵਾਸਤੇ ਵਰਕ ਪਰਮਿਟ ਅਪਲਾਈ ਕਰਨ ਦੀ ਤਰੀਕ ‘ਚ ਦੋ ਸਾਲਾਂ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਆਰਜੀ ਵੀਜ਼ਾ ਧਾਰਕਾਂ ਵਾਸਤੇ ਵਰਕ ਪਰਮਿਟ ਅਪਲਾਈ ਕਰਨ ਦੀ ਜਨਤਕ ਨੀਤੀ ਬੀਤੇ ਦਿਨੀਂ ਖਤਮ ਹੋਣੀ ਸੀ, ਪਰ ਇਸੇ ਦੌਰਾਨ ਮੰਤਰਾਲੇ ਵੱਲੋਂ ਇਸ ਨੂੰ 28 ਫਰਵਰੀ 2025 ਤੱਕ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਵਰਕ ਪਰਮਿਟ ਅਪਲਾਈ ਕਰਨ ਵਾਸਤੇ ਕੈਨੇਡਾ ਸਰਕਾਰ ਤੋਂ ਮਨਜ਼ੂਰਸ਼ੁਦਾ ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ (ਐੱਲ. ਐੱਮ. ਆਈ. ਏ.), ਜਿਸ ਨੂੰ ਜੌਬ ਆਫਰ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਹੋਣਾ ਜ਼ਰੂਰੀ ਹੈ ਅਤੇ ਕੈਨੇਡਾ ‘ਚ ਦਾਖਲ ਹੋਣ ਸਮੇਂ ਉੱਥੇ ਠਾਹਰ ਦਾ ਮਿਲਿਆ ਸਮਾਂ (ਸਟੇਅ) ਖਤਮ ਨਹੀਂ ਹੋਣਾ ਚਾਹੀਦਾ। ਉਹ ਲੋਕ, ਜੋ ਪਹਿਲਾਂ ਵਰਕ ਪਰਮਿਟ ਧਾਰਕ ਸਨ ਤੇ ਹੁਣ ਦੁਬਾਰਾ ਆਰਜ਼ੀ ਵੀਜ਼ੇ (ਵੈਲਿਡ ਸਟੇਅ) ਨਾਲ ਕੈਨੇਡਾ ‘ਚ ਮੌਜੂਦ ਹਨ ਤਾਂ ਉਹ ਵੀ ਕੈਨੇਡਾ ‘ਚ ਰਹਿੰਦੇ ਹੋਏ ਆਪਣੇ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ। ਵਰਕ ਪਰਮਿਟ ਲੈਣ ਵਾਸਤੇ ਹੁਣ ਕੈਨੇਡਾ ਤੋਂ ਬਾਹਰ ਜਾਣ ਦੀ ਸ਼ਰਤ ਹਟਾ ਦਿੱਤੀ ਗਈ ਹੈ।