ਮਾਨਸਾ, 18 ਨਵੰਬਰ (ਪੰਜਾਬ ਮੇਲ)- ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਧੀ ਕਿਰਨਜੀਤ ਕੌਰ ਨੇ ਕੈਨੇਡਾ ਦੀ ਫੈਡਰਲ ਪੁਲਿਸ ਅਫਸਰ ਬਣ ਕੇ ਜਿੱਥੇ ਆਪਣੇ ਮਾਪਿਆਂ ਦਾ ਨਾਂ ਚਮਕਾਇਆ ਹੈ, ਉੱਥੇ ਉਸ ਨੇ ਮਾਨਸਾ ਜ਼ਿਲ੍ਹੇ ਨੂੰ ਵੀ ਚਾਰ ਚੰਨ੍ਹ ਲਾਏ ਹਨ। ਛੋਟੀ ਉਮਰੇ ਸਖਤ ਮਿਹਨਤ ਕਰਨ ਵਾਲੀ ਕਿਰਨਜੀਤ ਕੌਰ ਨੇ 5 ਸਾਲ ਕਰਨਲ ਡਿਗਰੀ ਕਾਲਜ ਚੂਲੜ ਵਿਖੇ ਪ੍ਰੋਫੈਸਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ।
ਜ਼ਿਕਰਯੋਗ ਹੈ ਕਿ ਕਿਰਨਜੀਤ ਕੌਰ ਪੁੱਤਰੀ ਲਾਭ ਸਿੰਘ 2014 ਵਿਚ ਕੈਨੇਡੀਅਨ ਪਰਮਾਨੈਂਟ ਰੈਜੀਡੈਂਸੀ ਦੇ ਤੌਰ ‘ਤੇ ਚਲੇ ਗਏ। ਕੈਨੇਡਾ ਰਹਿੰਦਿਆਂ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ। 2019 ‘ਚ ਕਰਕਸ਼ਨਲ ਆਫੀਸਰ ਵਜੋਂ ਭਰਤੀ ਹੋ ਕੇ 5 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ। ਸਾਲ 2024 ਦੌਰਾਨ ਰੋਇਲ ਕੈਨੇਡੀਅਨ ਮਾਊਂਟਰ ਪੁਲਿਤ ਵਿਚ ਭਰਤੀ ਹੋ ਕੇ ਫੈਡਰਲ ਪੁਲਿਸ ਅਫਸਰ ਬਣੇ। ਉਨ੍ਹਾਂ ਆਪਣੀ ਮਿਹਨਤ ਪਿੱਛੇ ਜਿੱਥੇ ਆਪਣੇ ਮਾਪਿਆਂ, ਨਾਨਕਿਆਂ ਨੂੰ ਇਸ ਦਾ ਸਿਹਰਾ ਦਿੰਦੀ ਹੈ, ਉੱਥੇ ਉਨ੍ਹਾਂ ਦੇ ਘਰਾਂ ‘ਚੋਂ ਮਾਮੇ ਦੇ ਬੇਟੇ ਡਾ. ਹਜ਼ੂਰ ਸਿੰਘ ਪ੍ਰੋਫੈਸਰ ਅਤੇ ਹੈੱਡ ਡਿਪਾਰਟਮੈਂਟ ਆਫ ਇੰਜੀਨੀਅਰਿੰਗ ਤਲਵੰਡੀ ਸਾਬੋ ਦਾ ਵੀ ਵਿਸ਼ੇਸ਼ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਉੱਚ ਪੱਧਰ ਦੀ ਤਾਲੀਮ ਦੌਰਾਨ ਗਾਈਡ ਕੀਤਾ।
ਕਿਰਨਜੀਤ ਕੌਰ ਦਾ 2020 ‘ਚ ਵਿਆਹ ਹੋਇਆ ਅਤੇ 2021 ‘ਚ ਉਹ ਪਤੀ ਨੂੰ ਵੀ ਕੈਨੇਡਾ ਲੈ ਗਈ। ਕੈਨੇਡਾ ਰਹਿੰਦਿਆਂ ਉਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਉਨ੍ਹਾਂ ਨੇ ਆਪਣੀਆਂ ਦੋਵਾਂ ਭੈਣਾਂ ਨੂੰ ਗਾਈਡ ਕਰਦਿਆਂ ਕੈਨੇਡਾ ਵਿਖੇ ਟੀਚਰ ਦੇ ਯੋਗ ਬਣਾਇਆ।