ਓਟਾਵਾ, 20 ਜਨਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕੈਨੇਡਾ ਵਿਚ ਨਵੇਂ ਪੀ.ਐੱਮ. ਲਈ ਕਈ ਨਾਂ ਅੱਗੇ ਆਏ ਹਨ। ਇਨ੍ਹਾਂ ਵਿਚ ਵਿਰੋਧੀ ਧਿਰ ਦੇ ਪਿਅਰੇ ਪੋਇਲੀਵਰੇ ਵੀ ਸ਼ਾਮਲ ਹਨ। ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ 6 ਜਨਵਰੀ ਨੂੰ ਪ੍ਰਧਾਨ ਮੰਤਰੀ ਅਤੇ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਦੋਂ ਤੋਂ ਹੀ ਇਸ ਅਹੁਦੇ ਲਈ ਕੁਝ ਨਾਵਾਂ ‘ਤੇ ਚਰਚਾ ਹੋ ਰਹੀ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ 45 ਸਾਲਾ ਨੇਤਾ ਪੀਅਰੇ ਪੋਇਲੀਵਰੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਅੱਗੇ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਆਲੋਚਨਾ ਕੀਤੀ ਹੈ। ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਆਮ ਚੋਣਾਂ ਇਸ ਸਾਲ ਅਕਤੂਬਰ ਵਿਚ ਜਾਂ ਉਸ ਤੋਂ ਪਹਿਲਾਂ ਹੋਣੀਆਂ ਹਨ।
ਪੋਇਲੀਵਰੇ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਉਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਦੇ ਹਨ, ਤਾਂ ਉਹ ਵੱਡੇ ਸੁਧਾਰ ਪੇਸ਼ ਕਰ ਸਕਦੇ ਹਨ। ਕਿਉਂਕਿ ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਕੈਨੇਡਾ ਜਾਂਦੇ ਹਨ, ਇਸ ਲਈ ਭਾਰਤੀਆਂ ਲਈ ਇਮੀਗ੍ਰੇਸ਼ਨ ਬਾਰੇ ਪੀਅਰੇ ਪੋਇਲੀਵਰੇ ਦੇ ਰੁਖ਼ ਨੂੰ ਜਾਣਨਾ ਮਹੱਤਵਪੂਰਨ ਹੋ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿਚ ਇਮੀਗ੍ਰੇਸ਼ਨ ਬਾਰੇ ਪੋਇਲੀਵਰੇ ਦੇ ਬਿਆਨ ਇਸ ਮੁੱਦੇ ‘ਤੇ ਉਸਦੇ ਰੁਖ਼ ਨੂੰ ਦਰਸਾਉਂਦੇ ਹਨ।
ਰਿਪੋਰਟ ਅਨੁਸਾਰ ਅਗਸਤ 2023 ਦੀ ਇੱਕ ਪ੍ਰੈੱਸ ਕਾਨਫਰੰਸ ਵਿਚ ਪੋਇਲੀਵਰੇ ਨੇ ਕਿਹਾ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਟੁੱਟਿਆ ਹੋਇਆ ਹੈ। ਉਨ੍ਹਾਂ ਐਲਾਨ ਕੀਤਾ ਸੀ ਕਿ ਕੰਜ਼ਰਵੇਟਿਵ ਸਰਕਾਰ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਮਾਲਕਾਂ ਦੀਆਂ ਜ਼ਰੂਰਤਾਂ ਵਰਗੇ ਕਾਰਕਾਂ ‘ਤੇ ਆਧਾਰਿਤ ਕਰੇਗੀ। ਉਸ ਸਮੇਂ ਉਸਨੇ ਇਮੀਗ੍ਰੇਸ਼ਨ ਟੀਚਿਆਂ ਨੂੰ ਘਟਾਉਣ ਬਾਰੇ ਸਵਾਲਾਂ ਨੂੰ ਟਾਲ ਦਿੱਤਾ। ਪੋਇਲੀਵਰੇ ਨੇ ਇਮੀਗ੍ਰੇਸ਼ਨ ਪੱਧਰਾਂ ਨੂੰ ਘਰੇਲੂ ਉਸਾਰੀ ਨਾਲ ਜੋੜਨ ਦਾ ਵਿਚਾਰ ਪੇਸ਼ ਕਰਨਾ ਸ਼ੁਰੂ ਕੀਤਾ। ਰਿਪੋਰਟ ਅਨੁਸਾਰ 12 ਜਨਵਰੀ, 2024 ਨੂੰ ਵਿਨੀਪੈਗ, ਮੈਨੀਟੋਬਾ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਸ ਨੇ ਕਿਹਾ, ”ਸਾਨੂੰ ਬਣਾਏ ਗਏ ਘਰਾਂ ਦੀ ਗਿਣਤੀ ਅਤੇ ਨਵੇਂ ਕੈਨੇਡੀਅਨਾਂ ਵਜੋਂ ਸੱਦੇ ਗਏ ਲੋਕਾਂ ਦੀ ਗਿਣਤੀ ਵਿਚਕਾਰ ਇੱਕ ਸਬੰਧ ਸਥਾਪਤ ਕਰਨ ਦੀ ਲੋੜ ਹੈ।” ਅਗਲੇ ਮਹੀਨਿਆਂ ਵਿਚ ਪੋਇਲੀਵਰੇ ਨੇ ਇਹ ਵੀ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਹਨ, ਤਾਂ ਇਮੀਗ੍ਰੇਸ਼ਨ ਦਰਾਂ ਵਿਚ ਕਾਫ਼ੀ ਕਮੀ ਆ ਜਾਵੇਗੀ।
ਅਗਸਤ 2024 ਵਿਚ ਉਨ੍ਹਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ, ਤਾਂ ਉਹ ਆਬਾਦੀ ਵਾਧੇ ਨੂੰ ਘਟਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਭਵਿੱਖ ਦੀ ਕੰਜ਼ਰਵੇਟਿਵ ਸਰਕਾਰ ਦੇਸ਼ ਦੀ ਆਬਾਦੀ ਵਾਧਾ ਦਰ ਨੂੰ ਨਵੇਂ ਬਣਾਏ ਜਾ ਰਹੇ ਘਰਾਂ ਦੀ ਗਿਣਤੀ ਤੋਂ ਘੱਟ ਪੱਧਰ ‘ਤੇ ਸੀਮਤ ਕਰਨ ‘ਤੇ ਵਿਚਾਰ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਇਮੀਗ੍ਰੇਸ਼ਨ ਟੀਚਿਆਂ ‘ਤੇ ਵਿਚਾਰ ਕਰਦੇ ਸਮੇਂ ਸਿਹਤ ਸੰਭਾਲ ਅਤੇ ਨੌਕਰੀਆਂ ਤੱਕ ਪਹੁੰਚ ਵਰਗੇ ਕਾਰਕਾਂ ‘ਤੇ ਵਿਚਾਰ ਕਰੇਗੀ। ਪੋਇਲੀਵਰੇ ਨੇ ਕਿਹਾ ਸੀ, ”ਮੈਂ ਪੂਰੇ ਇਮੀਗ੍ਰੇਸ਼ਨ ਸਿਸਟਮ ਨੂੰ ਉਸੇ ਤਰ੍ਹਾਂ ਚਲਾਵਾਂਗਾ, ਜਿਵੇਂ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 30 ਸਾਲਾਂ ਤੱਕ ਚਲਾਇਆ ਜਾਂਦਾ ਸੀ।” 24 ਅਕਤੂਬਰ ਨੂੰ ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਟੀਚਿਆਂ ‘ਚ ਕਟੌਤੀ ਕਰਦੇ ਹੋਏ ਇਮੀਗ੍ਰੇਸ਼ਨ ਪੱਧਰ ਯੋਜਨਾ 2025-27 ਜਾਰੀ ਕੀਤੀ। ਸਰਕਾਰ ਨੇ ਕਿਹਾ ਕਿ ਉਸਦਾ ਇਰਾਦਾ ਸੀ ਕਿ ਇਮੀਗ੍ਰੇਸ਼ਨ ਪੱਧਰਾਂ ਵਿਚ ਇਨ੍ਹਾਂ ਕਮੀਆਂ ਦੇ ਨਤੀਜੇ ਵਜੋਂ 2025 ਅਤੇ 2026 ਵਿਚ 0.2% ਕਮੀ ਨਾਲ ਆਬਾਦੀ ਵਾਧਾ ਹੋਵੇਗਾ ਅਤੇ 2027 ਵਿਚ 0.8% ਦੀ ਆਬਾਦੀ ਵਾਧਾ ਦਰ ‘ਤੇ ਵਾਪਸ ਆ ਜਾਵੇਗਾ। ਪੋਇਲੀਵਰੇ ਨੇ ਕਿਹਾ, ”ਸਾਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਨਾਲ ਜੁੜੀ ਧੋਖਾਧੜੀ ਨੂੰ ਖਤਮ ਕਰਨਾ ਚਾਹੀਦਾ ਹੈ। ਉਸਨੇ ਕੋਈ ਅੰਕੜਾ ਦਿੱਤੇ ਬਿਨਾਂ ਕਿਹਾ ਕਿ ਸਾਨੂੰ ਦੁਨੀਆਂ ਦੇ ਸਭ ਤੋਂ ਵਧੀਆ ਸਿਸਟਮ ਵੱਲ ਵਾਪਸ ਜਾਣਾ ਪਵੇਗਾ, ਜੋ ਸਾਡੇ ਕੋਲ 150 ਸਾਲਾਂ ਤੋਂ ਸੀ।”