ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ)-ਬੀਤੇ ਸਾਲ ਤੋਂ ਜਿੱਥੇ ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਉੱਥੇ ਹੀ ਕੈਨੇਡਾ ਵੀ ਵਿਚ ਇਸ ਸਾਲ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ‘ਚ ਦਰਜ ਕੀਤੇ ਗਏ ਰਿਕਾਰਡ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ 28 ਜੁਲਾਈ, 2025 ਤੱਕ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦਾ ਅੰਕੜਾ ਪਹਿਲਾਂ ਹੀ 1891 ਤੱਕ ਪਹੁੰਚ ਚੁੱਕਾ ਸੀ, ਜਿਸ ਦੇ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਹ ਅੰਕੜਾ ਦੂਜੇ ਨੰਬਰ ‘ਤੇ ਹੈ ਅਤੇ ਇਸ ਤੋਂ ਅੱਗੇ ਸਿਰਫ਼ ਮੈਕਸੀਕਨ (2678) ਹੀ ਹਨ।
ਪਿਛਲੇ ਸਾਲ 2024 ਵਿਚ ਕੈਨੇਡੀਅਨ ਪ੍ਰਸ਼ਾਸਨ ਵੱਲੋਂ 1997 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। 2024 ਵਿਚ ਸਭ ਤੋਂ ਵੱਧ ਮੈਕਸੀਕਨਾਂ (3683) ਨੂੰ ਡਿਪੋਰਟ ਕੀਤਾ ਗਿਆ ਸੀ, ਜਦਕਿ ਭਾਰਤੀ ਦੂਜੇ ਸਥਾਨ ‘ਤੇ ਸਨ ਅਤੇ ਕੋਲੰਬੀਆ ਦੇ ਨਾਗਰਿਕ (981) ਤੀਜੇ ਸਥਾਨ ‘ਤੇ ਸਨ। ਰਿਪੋਰਟ ਮੁਤਾਬਕ ਭਾਰਤੀਆਂ ਦੇ ਦੇਸ਼ ਨਿਕਾਲੇ ਵਿਚ ਪਿਛਲੇ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਉਦਾਹਰਨ ਲਈ 2019 ‘ਚ ਇਹ ਅੰਕੜਾ ਸਿਰਫ਼ 625 ਸੀ, ਜੋ 2024 ਦੀ ਕੁੱਲ ਗਿਣਤੀ ਦੇ ਇਕ ਤਿਹਾਈ ਤੋਂ ਵੀ ਘੱਟ ਸੀ।
ਅੰਕੜਿਆਂ ਮੁਤਾਬਕ ‘ਰਿਮੂਵਲ ਇਨ ਪ੍ਰੋਗਰੈੱਸ’ ਦੀ ਸੂਚੀ ਵਿਚ ਵੀ ਭਾਰਤੀ ਸਭ ਤੋਂ ਅੱਗੇ ਹਨ। ਇਸ ਸੂਚੀ ਵਿਚ ਭਾਰਤੀਆਂ ਦੀ ਗਿਣਤੀ 6837 ਹੈ, ਜਿਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਸੰਯੁਕਤ ਰਾਜ ਦੇ ਨਾਗਰਿਕ ਹਨ। ਕੁੱਲ 30733 ਇਨਵੈਂਟਰੀ ਵਿਚੋਂ 27103 ਸ਼ਰਨਾਰਥੀ ਬਿਨੈਕਾਰ ਸਨ। ਇਸ ਤੋਂ ਇਲਾਵਾ ਸ਼ਰਨ ਮੰਗਣ ਵਾਲਿਆਂ ਦੀ ਸ਼੍ਰੇਣੀ ਵਿਚ ਵੀ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ।
ਕੈਨੇਡਾ ਤੋਂ ਵੱਡੀ ਗਿਣਤੀ ‘ਚ ਡਿਪੋਰਟ ਕੀਤੇ ਜਾਣਗੇ ਭਾਰਤੀ!

