ਟੋਰਾਂਟੋ, 8 ਅਗਸਤ (ਪੰਜਾਬ ਮੇਲ)- ਕੈਨੇਡਾ ਵਿਚ ਤਿੰਨ ਪੰਜਾਬੀਆਂ ’ਤੇ ਵੱਡੀਆਂ ਵਾਰਦਾਤਾਂ ਕਰਨ ਦੇ ਦੋਸ਼ ਲੱਗੇ ਹਨ। ਪਹਿਲੀ ਵਾਰਦਾਤ ਓਂਟਾਰੀਓ ਦੇ ਨਿਊ ਮਾਰਕੀਟ ਸ਼ਹਿਰ ਵਿਚ ਇਕ ਗੈਸ ਸਟੇਸ਼ਨ ’ਤੇ ਵਾਪਰੀ, ਜਿਥੇ ਤੇਲ ਪਵਾਉਣ ਆਈ ਇਕ ਔਰਤ ਤੋਂ ਕਾਰ ਖੋਹਣ ਦੇ ਮਾਮਲੇ ਵਿਚ ਯਾਰਕ ਰੀਜਨਲ ਪੁਲਸ 39 ਸਾਲ ਦੇ ਗਿਆਨੀ ਜ਼ੈਲ ਸਿੰਘ ਸਿੱਧੂ ਦੀ ਭਾਲ ਕਰ ਰਹੀ ਹੈ। ਦੂਜੀ ਵਾਰਦਾਤ ਵੌਅਨ ਸ਼ਹਿਰ ਵਿਚ ਸਾਹਮਣੇ ਆਈ, ਜਿਥੇ ਇਕ ਸਟੋਰ ਲੁੱਟਣ ਦੇ ਮਾਮਲੇ ਵਿਚ ਸੁਖਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਪੁਲਸ ਨੇ ਵਾਰਦਾਤ ਦੀ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਨਿਊ ਮਾਰਕੀਟ ਦੇ ਮੁਲੌਕ ਡਰਾਈਵ ਅਤੇ ਹੈਰੀ ਵੌਕਰ ਪਾਰਕਵੇਅ ਇਲਾਕੇ ਦੇ ਇਕ ਗੈਸ ਸਟੇਸ਼ਨ ’ਤੇ ਇਕ ਔਰਤ ਆਪਣੀ ਗੱਡੀ ਵਿਚ ਤੇਲ ਪਾ ਰਹੀ ਸੀ, ਜਦੋਂ ਸ਼ੱਕੀ ਆਇਆ ਅਤੇ ਗੱਡੀ ਦੀ ਡਰਾਈਵਰ ਸੀਟ ’ਤੇ ਬੈਠ ਗਿਆ। ਸ਼ੱਕੀ ਨੇ ਜਿਉਂ ਹੀ ਗੱਡੀ ਭਜਾਉਣ ਦਾ ਯਤਨ ਕੀਤਾ ਤਾਂ ਔਰਤ ਉਸ ਨਾਲ ਭਿੜ ਗਈ ਅਤੇ ਆਪਣੀ ਗੱਡੀ ਬਚਾਉਣ ਦੇ ਯਤਨ ਕਰਨ ਲੱਗੀ। ਗੈਸ ਸਟੇਸ਼ਨ ’ਤੇ ਹੋ ਰਹੀ ਹੱਥਪਾਈ ਦੇਖ ਕੇ ਇਕ ਅਣਜਾਣ ਸ਼ਖਸ ਨੇ ਆਪਣੀ ਗੱਡੀ ਅੱਗੇ ਲਾ ਦਿਤੀ ਪਰ ਸ਼ੱਕੀ ਨੇ ਔਰਤ ਨੂੰ ਧੱਕਾ ਦੇ ਕੇ ਬਾਹਰ ਕੱਢ ਦਿਤਾ ਅਤੇ ਗੱਡੀ ਬੈਕ ਕਰ ਕੇ ਫਰਾਰ ਹੋ ਗਿਆ। ਇਸ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਦੂਜੇ ਪਾਸੇ ਕੈਲੇਡਨ ਦੇ ਮੇਅਫੀਲਡ ਰੋਡ ਅਤੇ ਬਰੈਮਲੀ ਰੋਡ ਇਲਾਕੇ ਵਿਚ ਹਾਦਸਾ ਵਾਪਰਨ ਦੀ ਸੂਚਨਾ ਮਿਲਣ ’ਤੇ ਪੁੱਜੇ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਸ ਦੇ ਅਫਸਰਾਂ ਨੇ ਦੱਸਿਆ ਕਿ ਇਕ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਇਹ ਉਹੀ ਗੱਡੀ ਸੀ ਜੋ ਨਿਊ ਮਾਰਕੀਟ ਦੇ ਗੈਸ ਸਟੇਸ਼ਨ ਤੋਂ ਖੋਹੀ ਗਈ। ਪੁਲਸ ਮੁਤਾਬਕ ਸ਼ੱਕੀ ਹਾਦਸੇ ਵਾਲੀ ਥਾਂ ਤੋਂ ਪੈਦਲ ਹੀ ਫਰਾਰ ਹੋਇਆ ਅਤੇ ਡਰੋਨ ਦੀ ਮਦਦ ਨਾਲ ਵੀ ਉਸ ਦੀ ਪੈੜ ਨੱਪਣੀ ਸੰਭਵ ਨਾ ਹੋ ਸਕੀ। ਹੁਣ ਪੁਲਸ ਵੱਲੋਂ ਗਿਆਨੀ ਜ਼ੈਲ ਸਿੰਘ ਸਿੱਧੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਉਸ ਦਾ ਕੱਦ ਪੰਜ ਫੁੱਟ ਅੱਠ ਇੰਚ ਦੱਸਿਆ ਗਿਆ ਹੈ ਜਦਕਿ ਵਜ਼ਨ ਤਕਰੀਬਨ 68 ਕਿਲੋ ਹੈ। ਉਸ ਦਾ ਸਰੀਰ ਪਤਲਾ ਅਤੇ ਵਾਰਦਾਤ ਵੇਲੇ ਉਸ ਦੀ ਦਾੜ੍ਹੀ ਵੀ ਨਜ਼ਰ ਆਈ। ਆਖਰੀ ਵਾਰ ਦੇਖੇ ਜਾਣ ਸਮੇਂ ਉਸ ਨੇ ਪਾਊਡਰ ਬਲੂ ਕਲਰ ਦੀ ਅੱਧੀਆਂ ਬਾਹਾਂ ਵਾਲੀ ਪੋਲੋ ਸ਼ਰਟ ਪਹਿਨੀ ਹੋਈ ਸੀ ਜਦਕਿ ਕਾਲੀ ਐਥਲੈਟਿਕ ਪੈਂਟ ਅਤੇ ਨੇਵੀ ਬਲੂ ਕਲਰ ਦੇ ਸ਼ੂਜ਼ ਤੋਂ ਇਲਾਵਾ ਵਾਈਟ ਜਾਂ ਟੈਨ ਬਕਟ ਹੈਟ ਪਹਿਨੀ ਹੋਈ ਸੀ। ਪੁਲਸ ਵੱਲੋਂ ਗਿਆਨੀ ਜ਼ੈਲ ਸਿੰਘ ਸਿੱਧੂ ਵਿਰੁੱਘ ਲੁੱਟ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਰਹਿਣ ਵਿਚ ਅਸਫਲ ਰਹਿਣ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਲਾਏ ਗਏ ਹਨ। ਪੁਲਸ ਨੇ ਦੱਸਿਆ ਕਿ ਸ਼ੱਕੀ ਨੂੰ ਕਾਰਜੈਕਿੰਗ ਤੋਂ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗਿਆਨੀ ਜ਼ੈਲ ਸਿੰਘ ਸਿੱਧੂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਯਾਰਕ ਰੀਜਨਲ ਪੁਲਸ ਨਾਲ ਸੰਪਰਕ ਕਰੇ।