#CANADA

ਕੈਨੇਡਾ ‘ਚ ਹਾਦਸੇ ਦਾ ਕਾਰਨ ਬਣੇ ਭਾਰਤੀ ਟਰੱਕ ਡਰਾਈਵਰ ਵੱਲੋਂ ਪੀ.ਆਰ. ਦਰਜੇ ਦੀ ਵਾਪਸੀ ਲਈ ਅਰਜ਼ੀ

ਟੋਰਾਂਟੋ, 17 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- 2018 ‘ਚ ਇੱਕ ਭਾਰਤੀ ਟਰੱਕ ਡਰਾਈਵਰ ਵੱਲੋਂ ਕੈਨੇਡਾ ‘ਚ ਇੱਕ ਗੰਭੀਰ ਹਾਦਸਾ ਵਾਪਰਿਆ ਸੀ, ਜਿਸ ਵਿਚ ਜਸਕੀਰਤ ਸਿੰਘ ਸਿੱਧੂ ਨਾਂ ਦੇ ਡਰਾਈਵਰ ਨੇ ਆਪਣੇ ਟਰੱਕ ਨੂੰ ਬੱਸ ਨਾਲ ਟਕਰਾ ਦਿੱਤਾ, ਜਿਸ ਵਿਚ 16 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਜ਼ਖ਼ਮੀ ਹੋ ਗਏ। ਇਸ ਬੱਸ ਵਿਚ ਇੱਕ ਹਾਕੀ ਕਲੱਬ ਦੇ ਜ਼ਿਆਦਾਤਰ ਖਿਡਾਰੀ ਸਵਾਰ ਸਨ। ਬਾਅਦ ਵਿਚ ਸਿੱਧੂ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ। ਹੁਣ ਹਾਦਸਾਗ੍ਰਸਤ ਟਰੱਕ ਡਰਾਈਵਰ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਇੰਮੀਗ੍ਰੇਸ਼ਨ ਅਤੇ ਰਫਿਊਜ਼ੀ ਬੋਰਡ ਨੇ ਮਈ ਵਿਚ ਜਸਕੀਰਤ ਸਿੰਘ ਸਿੱਧੂ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਸਨ ਅਤੇ ਉਨ੍ਹਾਂ ਦਾ ਸਥਾਈ ਨਿਵਾਸੀ ਦਰਜਾ ਰੱਦ ਕਰ ਦਿੱਤਾ ਸੀ। ਟਰੱਕ ਡਰਾਈਵਰ ਸਿੱਧੂ ਭਾਰਤੀ ਹੈ, ਜੋ 2014 ‘ਚ ਕੈਨੇਡਾ ਆਇਆ ਸੀ। ਕੈਲਗਰੀ, ਕੈਨੇਡਾ ‘ਚ ਰਹਿਣ ਵਾਲਾ ਜਸਕੀਰਤ ਸਿੱਧੂ ਕੈਨੇਡਾ ‘ਚ ਟਰੱਕ ਚਲਾਉਂਦਾ ਸੀ।
2018 ਵਿਚ ਸਿੱਧੂ ਨੇ ਇੱਕ ਸਟਾਪ ਸਾਈਨ ਤੋਂ ਲੰਘਦੇ ਹੋਏ ਜੂਨੀਅਰ ਹਾਕੀ ਟੀਮ ਦੀ ਬੱਸ ਦੇ ਨਾਲ ਦੁਰਘਟਨਾ ਕੀਤੀ ਸੀ। ਉਸ ਨੂੰ ਪਿਛਲੇ ਸਾਲ ਪੂਰੀ ਪੈਰੋਲ ਮਿਲੀ ਸੀ। ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੇ ਮਨੁੱਖੀ ਆਧਾਰ ‘ਤੇ ਸਥਾਈ ਨਿਵਾਸੀ ਦੇ ਦਰਜੇ ਲਈ ਅਰਜ਼ੀ ਦਿੱਤੀ ਹੈ ਅਤੇ ਅਰਜ਼ੀ ਦੀ ਪ੍ਰਕਿਰਿਆ ਵਿਚ ਦੋ ਸਾਲ ਲੱਗ ਸਕਦੇ ਹਨ। ਉਹ ਕੈਨੇਡਾ ਵਿਚ ਆਪਣੇ ਪਰਿਵਾਰ ਦੇ ਨਾਲ ਸਹੀ ਢੰਗ ਨਾਲ ਸਥਾਪਿਤ ਹੈ। ਉਸ ਦਾ ਪਰਿਵਾਰ ਅਤੇ ਸਮਾਜ ਨਾਲ ਇੱਥੇ ਮਜ਼ਬੂਤ ਰਿਸ਼ਤਾ ਹੈ। ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦਾ ਇੱਕ ਸਾਲ ਦਾ ਬੱਚਾ ਹੈ, ਜੋ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਸਮੱਸਿਆਵਾਂ ਤੋਂ ਪੀੜਤ ਹੈ। ਉਨ੍ਹਾਂ ਦੇ ਬੱਚੇ ਦੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਉਨ੍ਹਾਂ ਲਈ ਭਾਰਤ ਵਿਚ ਰਹਿਣਾ ਬਹੁਤ ਮੁਸ਼ਕਲ ਹੋਵੇਗਾ। ਸਿੱਧੂ ਕਾਰਨ ਵਾਪਰੇ ਗੰਭੀਰ ਹਾਦਸਿਆਂ ਵਿਚ ਮਾਰੇ ਗਏ ਲੋਕਾਂ ਦੇ ਕੈਲਗਰੀ ਦੇ ਸੰਸਦ ਮੈਂਬਰ ਜਾਰਜ ਚਾਹਲ ਨੇ ਵੀ ਸਿੱਧੂ ਨੂੰ ਡਿਪੋਰਟ ਨਾ ਕਰਨ ਦੀ ਵਕਾਲਤ ਕਰ ਰਹੇ ਹਨ।