ਵੈਨਕੂਵਰ, 23 ਨਵੰਬਰ (ਪੰਜਾਬ ਮੇਲ)- ਹਰਜਿੰਦਰ ਸਿੰਘ ਸਿੱਧੂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ। ਡੈਲਟਾ ਪੁਲਿਸ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਕੋਈ ਪੰਜਾਬੀ ਇਸ ਅਹੁਦੇ ‘ਤੇ ਤਾਇਨਾਤ ਹੋਇਆ ਹੈ। ਹਰਜ ਸਿੱਧੂ ਦੇ ਨਾਂ ਨਾਲ ਜਾਣਿਆ ਜਾਂਦਾ ਹਰਜਿੰਦਰ ਸਿੱਧੂ 1993 ਵਿਚ ਡੈਲਟਾ ਪੁਲਿਸ ‘ਚ ਸਿਪਾਹੀ ਭਰਤੀ ਹੋਇਆ ਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਮੁਖੀ ਦੇ ਅਹੁਦੇ ਤੱਕ ਪਹੁੰਚਿਆ ਹੈ। ਕੈਨੇਡਾ ਦੇ ਪੱਛਮੀ ਤੱਟ ਦੀ ਬੰਦਰਗਾਹ ਡੈਲਟਾ ਵਿਚ ਹੋਣ ਕਰਕੇ ਇੱਥੋਂ ਦੀ ਪੁਲਿਸ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਵਿਦੇਸ਼ਾਂ ਤੋਂ ਆਯਾਤ ਹੁੰਦੇ ਤੇ ਬਾਹਰ ਭੇਜੇ ਜਾਂਦੇ ਸਾਮਾਨ ‘ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਡੈਲਟਾ ਪੁਲਿਸ ਨਿਭਾਉਂਦੀ ਹੈ। ਪੁਲਿਸ ਬੋਰਡ ਦੇ ਚੇਅਰਮੈਨ ਇਆਨ ਟੈਟ ਨੇ ਹਰਜਿੰਦਰ ਸਿੱਧੂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਉਸ ਦੀ ਦੂਰਅੰਦੇਸ਼ੀ ਸੋਚ ਅਤੇ ਵੱਖ-ਵੱਖ ਤਜਰਬਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ।