#CANADA

ਕੈਨੇਡਾ ‘ਚ ਸਿੱਖ ਕੈਨੇਡੀਅਨ ਫ਼ੌਜੀਆਂ ਨੂੰ ਸਮਰਪਿਤ ‘ਰਿਮੈਂਬਰੈਂਸ ਡੇਅ’ ਡਾਕ ਟਿਕਟ ਹੋਵੇਗੀ ਜਾਰੀ

ਟੋਰਾਂਟੋ, 30 ਅਕਤਬੂਰ (ਪੰਜਾਬ ਮੇਲ)- ਕੈਨੇਡਾ ਵਿਚ ਸਿੱਖ ਭਾਈਚਾਰੇ ਨੂੰ ਕੈਨੇਡੀਅਨ ਸਮਾਜ ਦਾ ਅਟੁੱਟ ਹਿੱਸਾ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਤੇ ਸੂਬਾਈ ਮੁੱਖ ਮੰਤਰੀਆਂ ਸਮੇਤ ਹੋਰਨਾਂ ਭਾਈਚਾਰਿਆਂ ਵਲੋਂ ਦੇਸ਼ ਵਾਸਤੇ ਸਿੱਖਾਂ ਦੇ ਯੋਗਦਾਨ ਲਈ ਧੰਨਵਾਦ ਵੀ ਕੀਤਾ ਜਾਂਦਾ ਰਹਿੰਦਾ ਹੈ। ਹੁਣ ਦੇਸ਼ ‘ਚ ਕਿਚਨਰ ਵਿਖੇ ‘ਰਿਮੈਂਬਰੈਂਸ ਡੇਅ’ ਸਟੈਂਪ ਜਾਰੀ ਕੀਤੀ ਜਾਵੇਗੀ ਜੋ ਸਿੱਖ ਕੈਨੇਡੀਅਨ ਫੌਜੀਆਂ ਦੀਆਂ ਸੇਵਾਵਾਂ ਨੂੰ ਸਮਰਪਿਤ ਹੈ। ਡਾਕ ਟਿਕਟ ਨੂੰ ਦੇਸ਼ ਦੇ ਡਾਕ ਵਿਭਾਗ ਕੈਨੇਡਾ ਪੋਸਟ ਵੱਲੋਂ ਤਿਆਰ ਕੀਤਾ ਗਿਆ ਹੈ। ਉਹ ਡਾਕ ਟਿਕਟ ਪਹਿਲੇ ਸੰਸਾਰ ਜੰਗ ਦੌਰਾਨ ਕੈਨੇਡੀਅਨ ਫੌਜ ਵਿਚ ਭਰਤੀ 10 ਸਿੱਖ ਫੌਜੀਆਂ ਤੋਂ ਲੈ ਕੇ ਹੁਣ ਤੱਕ ਫੌਜ ਵਿਚ ਸੇਵਾ ਕਰ ਰਹੇ ਸਿੱਖਾਂ ਲਈ ਸਨਮਾਨ ਦਾ ਪ੍ਰਤੀਕ ਹੈ। ਓਨਟਾਰੀਓ ‘ਚ ਕਿਚਨਰ ਵਿਖੇ 2 ਨਵੰਬਰ ਨੂੰ ਪਹਿਲੀ ਸੰਸਾਰ ਜੰਗ ਦੇ ਹੀਰੋ ਮੰਨੇ ਜਾਂਦੇ ਫੌਜੀ ਜਵਾਨ ਬੁੱਕਮ ਸਿੰਘ ਦੀ ਕਬਰ ‘ਤੇ 18ਵੇਂ ਸਾਲਾਨਾ ਸਿੱਖ ਰਿਮੈਂਬਰੈਂਸ ਡੇਅ ਸਮਾਗਮ ‘ਚ ਇਸ ਡਾਕ ਟਿਕਟ ਨੂੰ ਜਨਤਕ ਕੀਤਾ ਜਾਵੇਗਾ। ਬੁੱਕਮ ਸਿੰਘ ਨੇ 20ਵੀਂ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਨਾਲ ਫਰਾਂਸ ਅਤੇ ਬੈਲਜੀਅਮ ‘ਚ ਜੰਗ ਲੜੀ ਸੀ ਅਤੇ 1919 ‘ਚ ਕਿਚਨਰ ‘ਚ ਫਨਜੀ ਹਸਪਤਾਲ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।