#CANADA

ਕੈਨੇਡਾ ‘ਚ ਸ਼ਰਣ ਲੈਣ ਦੇ ਦਾਅਵੇਦਾਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ

ਓਟਾਵਾ, 4 ਸਤੰਬਰ (ਪੰਜਾਬ ਮੇਲ)- ਇਸ ਸਾਲ ਕੈਨੇਡਾ ਵਿਚ ਸ਼ਰਣ ਲੈਣ ਦੇ ਦਾਅਵੇਦਾਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 16,800 ਪਨਾਹ ਦੇ ਦਾਅਵੇ ਕੀਤੇ ਗਏ ਹਨ, ਜੋ ਕਿ 2023 ‘ਚ ਕੁੱਲ 11,265 ਸਨ। 2015 ਵਿਚ ਜਦੋਂ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲੀ ਵਾਰ ਸੱਤਾ ਵਿਚ ਆਏ ਸਨ, ਤਾਂ ਸਿਰਫ 380 ਅਜਿਹੇ ਦਾਅਵੇ ਕੀਤੇ ਗਏ ਸਨ। ਹਾਲਾਂਕਿ, ਜਦੋਂ ਇਹ ਦਾਅਵੇ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੇ ਸਾਹਮਣੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਘੱਟ ਹੀ ਸਵੀਕਾਰ ਕੀਤਾ ਜਾਂਦਾ ਹੈ।
ਇਸ ਸਾਲ ਹੁਣ ਤੱਕ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੂੰ 15,298 ਕੇਸ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਸਿਰਫ਼ 1,078 ਹੀ ਸਵੀਕਾਰ ਕੀਤੇ ਗਏ ਹਨ। ਬੋਰਡ ਸਾਹਮਣੇ ਭਾਰਤੀ ਨਾਗਰਿਕਾਂ ਦੇ 23538 ਦਾਅਵੇ ਪੈਂਡਿੰਗ ਹਨ। ਅੱਤਿਆਚਾਰ ਦਾ ਦਾਅਵਾ ਕਰਨ ਦੇ ਬਾਵਜੂਦ, ਭਾਰਤ ਉਨ੍ਹਾਂ ਨੂੰ ਆਪਣੇ ਪਾਸਪੋਰਟਾਂ ਨੂੰ ਨਵਿਆਉਣ ਦੀ ਸਹੂਲਤ ਪ੍ਰਦਾਨ ਕਰਦਾ ਹੈ ਅਤੇ ਜੇ ਉਹ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਦੇ ਹਨ, ਤਾਂ ਉਨ੍ਹਾਂ ਨੂੰ ਵੀਜ਼ਾ ਜਾਂ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਜਾਂ ਓ.ਸੀ.ਆਈ. ਕਾਰਡ ਜਾਰੀ ਕੀਤੇ ਜਾਂਦੇ ਹਨ।