ਟੋਰਾਂਟੋ, 15 ਅਗਸਤ (ਪੰਜਾਬ ਮੇਲ)- ਕੈਨੇਡਾ ਵਿਚ ਵਰਕ ਪਰਮਿਟ ਨਾਲ ਨੌਕਰੀਆਂ ਕਰਨ ਅਤੇ ਪੱਕੇ ਹੋਣ ਦੀ ਤਾਂਘ ਵੱਡੀ ਗਿਣਤੀ ਵਿਦੇਸ਼ੀਆਂ ਦੇ ਮਨਾਂ ਵਿਚ ਰਹਿੰਦੀ ਹੈ, ਪਰ ਓਥੇ ਕਾਰੋਬਾਰਾਂ ਵਿਚ ਕਾਮਿਆਂ ਦੇ ਸ਼ੋਸ਼ਣ ਅਤੇ ਗ਼ੁਲਾਮੀ ਕਰਵਾਉਣ ਜਿਹੇ ਹਾਲਾਤ ਬਾਰੇ ਸੰਯੁਕਤ ਰਾਸ਼ਟਰ (ਯੂ.ਐੱਨ.ਓ.) ਦੀ ਇਕ ਰਿਪੋਰਟ ਵਿਚ ਗੰਭੀਰ ਚਿੰਤਾ ਪ੍ਰਗਟਾਈ ਗਈ ਹ। ਯੂ.ਐੱਨ.ਓ. ਕੂਟਨੀਤਕ ਟਮੋਯਾ ਓਬੋਕਾਤਾ ਦੀ ਰਿਪੋਰਟ ਵਿਚ ਕੈਨੇਡਾ ਸਰਕਾਰ ਦੀ ਅਣਗਹਿਲੀ ਅਤੇ ਕਾਰੋਬਾਰਾਂ ਦੇ ਮਾਲਕਾਂ ਦੀ ਬੇਈਮਾਨੀ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਭਾਵੇਂ ਕਿ ਇਹ ਰਿਪੋਰਟ ਕਾਰੋਬਾਰੀਆਂ ਵੱਲੋਂ ਕਾਨੂੰਨੀ ਮਾਹਿਰਾਂ ਨਾਲ ਰਲ-ਮਿਲ ਕੇ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਵਾਸਤੇ ਲੋੜੀਂਦਾ ਕਾਗਜ਼, ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ (ਐੱਲ.ਐੱਮ.ਆਈ. ਏ.) ਵੇਚੇ ਜਾਣ ਬਾਰੇ ਚੁੱਪ ਹੈ, ਪਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਸਰਕਾਰ ਨੂੰ ਨੀਤੀਆਂ ਵਿਚ ਸੁਧਾਰ ਕਰਨ ਦੀ ਸਖ਼ਤ ਜ਼ਰੂਰਤ ਹੈ। ਯੂ.ਐੱਨ.ਓ. ਦੂਤ ਦੀ ਰਿਪੋਰਟ ਵਿਚ ਦਰਜ ਹੈ ਕਿ ਕੈਨੇਡਾ ਦੇ ਟੈਂਪਰੇਰੀ ਫੋਰਨ ਵਰਕਰਜ਼ ਪ੍ਰੋਗਰਾਮ ਤਹਿਤ ਕੰਮ ਕਰਨ ਵਾਲੇ ਕਾਮਿਆਂ ਨੂੰ ਬਹੁਤ ਖਸਤਾ ਹਾਲਤ ਵਿਚ ਰਹਿਣਾ ਪੈਂਦਾ ਹੈ। ਵਿਸ਼ੇਸ਼ ਤੌਰ ‘ਤੇ ਮਕਾਨ ਉਸਾਰੀ ਅਤੇ ਖੇਤੀਬਾੜੀ ਦੇ ਸੈਕਟਰਾਂ ਵਿਚ ਅਕਸਰ ਇਕ ਕਮਰੇ ਵਿਚ ਢਾਈ ਦਰਜਨ ਦੇ ਕਰੀਬ ਮਜ਼ਦੂਰ ਰੱਖੇ ਜਾਣ ਬਾਰੇ ਖ਼ਬਰਾਂ ਮਿਲਦੀਆਂ ਹਨ। ਇਹ ਵੀ ਕਿ ਕਾਮਿਆਂ ਦੀ ਹਾਲਤ ਦਾ ਫਾਇਦਾ ਉਨ੍ਹਾਂ ਨੂੰ ਘੱਟ ਤਨਖਾਹਾਂ ਦੇ ਕੇ ਚੁੱਕਿਆ ਜਾਂਦਾ ਹੈ। ਹਾਲ ਹੀ ਵਿਚ ਕੈਨੇਡਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਵਧਾਈ ਗਈ ਹੈ, ਪਰ ਢਿੱਲੇ ਕਾਨੂੰਨਾਂ ਦਾ ਫਾਇਦਾ ਉਠਾ ਕੇ ਮਜ਼ਦੂਰਾਂ ਨੂੰ ਐੱਲ.ਐੱਮ.ਆਈ.ਏ. ਵੇਚੇ ਜਾਣ ਦਾ ਪੱਕਾ ਇਲਾਜ ਸਰਕਾਰ ਨੇ ਅਜੇ ਕਰਨਾ ਹੈ।