#CANADA

ਕੈਨੇਡਾ ‘ਚ ਵਰਕ ਪਰਮਿਟ ‘ਤੇ ਪਾਬੰਦੀ ਮਗਰੋਂ ਪੰਜਾਬੀ ਨੌਜਵਾਨ ਗੈਰ ਕਾਨੂੰਨੀ ਢੰਗ ਨਾਲ ਜਾ ਰਹੇ ਨੇ ਅਮਰੀਕਾ

ਟੋਰਾਂਟੋ, 11 ਸਤੰਬਰ (ਪੰਜਾਬ ਮੇਲ)-ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਦੀ ਗਿਣਤੀ ਘੱਟ ਕਰਨ ਲਈ ਸਖ਼ਤ ਫੈਸਲੇ ਲਏ ਹਨ। ਇਸ ਦੇ ਤਹਿਤ ਕੈਨੇਡਾ ‘ਚ 28 ਅਗਸਤ ਤੋਂ ਵਰਕ ਪਰਮਿਟ ‘ਤੇ ਪਾਬੰਦੀ ਲੱਗ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ‘ਤੇ ਕੰਮ ਕਰ ਰਹੇ ਨੌਜਵਾਨਾਂ ਦਾ ਵਰਕ ਵੀਜ਼ਾ ਨਹੀਂ ਵਧਾਇਆ ਜਾਵੇਗਾ। ਉਨ੍ਹਾਂ ਨੂੰ ਸਵਦੇਸ਼ ਪਰਤਣਾ ਪਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ ਕੈਨੇਡਾ ਵਿਚ ਰੌਲਾ ਪਿਆ ਹੈ। ਜਿੱਥੇ ਨੌਜਵਾਨ ਸੜਕਾਂ ‘ਤੇ ਹਨ, ਉੱਥੇ ਹੀ ਹੁਣ ਕਈ ਨੌਜਵਾਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣਾ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ ਦੇ ਇਸ ਫ਼ੈਸਲੇ ਦਾ ਪੰਜਾਬੀ ਨੌਜਵਾਨਾਂ ‘ਤੇ ਭਾਰੀ ਅਸਰ ਪੈਣ ਵਾਲਾ ਹੈ। ਲਗਭਗ 70 ਹਜ਼ਾਰ ਭਾਰਤੀ ਪ੍ਰਭਾਵਿਤ ਹੋਣ ਵਾਲੇ ਹਨ। ਦਰਅਸਲ ਕੈਨੇਡਾ ਵਿਚ ਬੇਰੁਜ਼ਗਾਰੀ ਤੇਜ਼ੀ ਨਾਲ ਵਧੀ ਹੈ। 2024 ਦੇ ਅੰਤ ਤੱਕ ਕੈਨੇਡਾ ਵਿਚ ਭਾਰਤੀਆਂ ਦੀ ਗਿਣਤੀ 20 ਲੱਖ ਤੱਕ ਪਹੁੰਚਣ ਦੀ ਉਮੀਦ ਹੈ। ਸਾਲ 2022 ਵਿਚ 118,095 ਭਾਰਤੀ ਕੈਨੇਡਾ ਵਿਚ ਪੱਕੇ ਨਿਵਾਸੀ ਬਣ ਗਏ ਹਨ। ਕੈਨੇਡਾ ਸਰਕਾਰ ਅਨੁਸਾਰ ਜਿਨ੍ਹਾਂ ਲੋਕਾਂ ਨੇ 28 ਅਗਸਤ, 2024 ਤੋਂ ਪਹਿਲਾਂ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਪੁਰਾਣੇ ਨਿਯਮਾਂ ਅਨੁਸਾਰ ਮੰਨਿਆ ਜਾਵੇਗਾ। ਇਸ ਫ਼ੈਸਲੇ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਤੋਂ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦਾ ਇਹ ਇਕ ਹੋਰ ਨਵਾਂ ਤਰੀਕਾ ਹੈ।
ਇਕ ਸਟੱਡੀ ਵੀਜ਼ਾ ਮਾਹਿਰ ਦਾ ਕਹਿਣਾ ਹੈ ਕਿ ਕੈਨੇਡਾ ‘ਚ ਦਿਨੋਂ-ਦਿਨ ਸਖ਼ਤੀ ਹੁੰਦੀ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਪੰਜਾਬ ‘ਤੇ ਪੈ ਰਿਹਾ ਹੈ। ਹੁਣ ਟਰੂਡੋ ਸਰਕਾਰ ਪੀ.ਆਰ. ਅਤੇ ਵਰਕ ਪਰਮਿਟ ‘ਤੇ ਪਾਬੰਦੀ ਲਗਾ ਰਹੀ ਹੈ। ਕੈਨੇਡਾ ਗਏ ਇਕ ਪੰਜਾਬੀ ਨੇ ਦੱਸਿਆ ਕਿ ਉਹ ਸਵਦੇਸ਼ ਆ ਗਿਆ ਹੈ। ਕੈਨੇਡਾ ਵਿਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਨੌਕਰੀਆਂ ਸਿਰਫ 18 ਡਾਲਰ ਪ੍ਰਤੀ ਘੰਟਾ ਵਿਚ ਉਪਲਬਧ ਹਨ। ਉਹ ਪੰਜਾਬ ਵਿਚ ਆਪਣੇ ਪਿਤਾ ਨਾਲ ਕਾਰੋਬਾਰ ਵਿਚ ਮਦਦ ਕਰ ਰਿਹਾ ਹੈ। ਇਸੇ ਤਰ੍ਹਾਂ ਸਟੱਡੀ ਵੀਜ਼ੇ ‘ਤੇ ਗਏ ਇਕ ਹੋਰ ਪੰਜਾਬੀ ਨੇ ਦੱਸਿਆ ਕਿ ਕੈਨੇਡਾ ‘ਚ ਵਰਕ ਪਰਮਿਟ ਬੰਦ ਹੋਣ ਕਾਰਨ ਉਹ ਕੈਨੇਡਾ ਛੱਡ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚ ਗਿਆ। ਪੰਜਾਬੀ ਨੌਜਵਾਨ ਮੁਤਾਬਕ ਕੈਨੇਡਾ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ।