ਮਾਂਟਰੀਅਲ, 5 ਮਾਰਚ (ਪੰਜਾਬ ਮੇਲ)- ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਾਂਟਰੀਅਲ ਨੇੜਲੇ ਇਲਾਕੇ ਲਾਸਾਲ ਵਿਚ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ (45) ਦਾ ਉਸ ਦੇ ਘਰ ਵਿਚ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵਾਰਦਾਤ ਲਾਸਾਲ ਦੇ ਸੇਂਟ-ਲੂਸ ਕ੍ਰੇਸੈਂਟ ਸਥਿਤ ਇੱਕ ਇਮਾਰਤ ਵਿਚ ਵਾਪਰੀ, ਜਿੱਥੇ ਪੁਲਿਸ ਨੂੰ ਤੜਕਸਾਰ ਇੱਕ ਐਮਰਜੈਂਸੀ ਕਾਲ ਮਿਲੀ ਸੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਨੈਂਸੀ ਗਰੇਵਾਲ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ। ਉਸ ਦੇ ਸਰੀਰ ‘ਤੇ ਚਾਕੂਆਂ ਨਾਲ ਵਿੰਨ੍ਹੇ ਜਾਣ ਦੇ ਕਈ ਨਿਸ਼ਾਨ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡੂੰਘੇ ਜ਼ਖ਼ਮਾਂ ਤੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਨੈਂਸੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਸੀ ਤੇ ਭਾਰਤ-ਕੈਨੇਡਾ ਦੇ ਰਿਸ਼ਤਿਆਂ ਅਤੇ ਰਾਜਨੀਤੀ ਬਾਰੇ ਕਾਫ਼ੀ ਖੁੱਲ੍ਹ ਕੇ ਬੋਲਦੀ ਸੀ। ਉਸ ਦੇ ਕਤਲ ਮਗਰੋਂ ਪੁਲਿਸ ਨੇ ਨੈਂਸੀ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨਾਲ ਹਮਦਰਦੀ ਪ੍ਰਗਟਾਈ ਹੈ।
ਕੈਨੇਡਾ ‘ਚ ਯੂਟਿਊਬਰ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ

