-ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਆਇਦ
ਓਟਵਾ, 8 ਅਗਸਤ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਦੱਸਿਆ ਹੈ ਕਿ ਕੈਨੇਡਾ ਵਿਚ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ‘ਤੇ ਇਕ ਨਿਸ਼ਾਨਾ ਖੁੰਝੀ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ‘ਤੇ ਪਹਿਲੇ ਦਰਜੇ ਦਾ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਗ਼ੌਰਤਲਬ ਹੈ ਕਿ ਗੈਂਗਵਾਰ ਵਿਚ ਚੱਲੀ ਇਸ ਗੋਲੀ ਕਾਰਨ ਹਰਸਿਮਰਤ ਦੀ ਮੌਤ ਹੋ ਗਈ ਸੀ।
ਸੀ.ਬੀ.ਸੀ. ਨਿਊਜ਼ ਨੇ ਇੱਕ ਨਿਊਜ਼ ਕਾਨਫਰੰਸ ਵਿਚ ਐਕਟਿੰਗ ਡਿਟੈਕਟ-ਸਾਰਜੈਂਟ ਡੈਰਿਲ ਰੀਡ ਦੇ ਹਵਾਲੇ ਨਾਲ ਕਿਹਾ ਕਿ ਹੈਮਿਲਟਨ ਪੁਲਿਸ ਨੇ ਮੰਗਲਵਾਰ ਨੂੰ ਓਨਟਾਰੀਓ ਦੇ ਨਿਆਗਰਾ ਫਾਲਜ਼ ਵਿਖੇ 32 ਸਾਲਾ ਮੁਲਜ਼ਮ ਜੇਰਡੇਨ ਫੋਸਟਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਕਤਲ ਦੀ ਕੋਸ਼ਿਸ਼ ਦੇ ਤਿੰਨ ਦੋਸ਼ ਵੀ ਲਗਾਏ ਗਏ ਹਨ। ਮੋਹਾਕ ਕਾਲਜ ਵਿਚ ਫਿਜ਼ੀਓਥੈਰੇਪੀ ਕੋਰਸ ਦੀ ਪੜ੍ਹਾਈ ਕਰ ਰਹੀ ਦੂਜੇ ਸਾਲ ਦੀ ਵਿਦਿਆਰਥਣ ਹਰਸਿਮਰਤ ਰੰਧਾਵਾ ਨੂੰ ਬੀਤੀ 17 ਅਪ੍ਰੈਲ ਨੂੰ ਅੱਪਰ ਜੇਮਜ਼ ਸਟਰੀਟ ਅਤੇ ਸਾਊਥ ਬੈਂਡ ਰੋਡ ਦੇ ਚੌਰਾਹੇ ‘ਤੇ ਇੱਕ ਬੱਸ ਸਟਾਪ ‘ਤੇ ਅਚਾਨਕ ਗੋਲੀ ਲੱਗ ਗਈ ਸੀ। ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਭਾਰਤੀ ਵਿਦਿਆਰਥਣ ਕਥਿਤ ਤੌਰ ‘ਤੇ ਬੱਸ ਤੋਂ ਉਤਰੀ ਸੀ ਅਤੇ ਸੜਕ ਪਾਰ ਕਰਨ ਦੀ ਉਡੀਕ ਕਰ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।
ਇਸ ਗੈਂਗਵਾਰ ‘ਚ ਚਾਰ ਕਾਰਾਂ ‘ਚ ਘੱਟੋ-ਘੱਟ ਸੱਤ ਲੋਕ ਸ਼ਾਮਲ ਸਨ, ਜਿਸ ਕਾਰਨ ਗੋਲੀਬਾਰੀ ਹੋਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਰਾਂ ਵਿਚਕਾਰ ਗੋਲੀਆਂ ਚਲਾਈਆਂ ਗਈਆਂ ਅਤੇ ਘੱਟੋ-ਘੱਟ ਦੋ ਬੰਦੂਕਾਂ ਦੀ ਵਰਤੋਂ ਕੀਤੀ ਗਈ।
ਰਿਪੋਰਟ ਵਿਚ ਰੀਡ ਦੇ ਹਵਾਲੇ ਨਾਲ ਵੀਰਵਾਰ ਨੂੰ ਕਿਹਾ ਗਿਆ ਹੈ, ”ਹਰਸਿਮਰਤ ਇੱਕ ਨਿਰਦੋਸ਼ ਰਾਹਗੀਰ ਸੀ… ਉਹ ਇੱਕ ਸਥਾਨਕ ਜਿਮ ਤੋਂ ਘਰ ਜਾ ਰਹੀ ਸੀ, ਜਦੋਂ ਉਸਨੂੰ ਗੋਲੀ ਮਾਰ ਕੇ ਹਲਾਕ ਦਿੱਤਾ ਗਿਆ।” ਇਸ ਮਾਮਲੇ ਵਿਚ ਕੋਈ ਹੋਰ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਰੀਡ ਨੇ ਕਿਹਾ, ”ਜਾਂਚ ਅਜੇ ਵੀ ਜਾਰੀ ਹੈ ਅਤੇ ਅਸੀਂ ਇਸ ਮੌਤ ਵਿਚ ਸ਼ਾਮਲ ਇਨ੍ਹਾਂ ਸਾਰੇ ਲੋਕਾਂ ਦੀ ਪਛਾਣ ਕਰਨ, ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ।” ਉਨ੍ਹਾਂ ਕਿਹਾ ਕਿ ਫੋਸਟਰ, ਜਿਸਦਾ ਹੈਮਿਲਟਨ, ਹਾਲਟਨ ਅਤੇ ਨਿਆਗਰਾ ਖੇਤਰਾਂ ਨਾਲ ਸਬੰਧ ਹੈ ਅਤੇ ਥੋੜ੍ਹੇ ਸਮੇਂ ਲਈ ਕਿਰਾਏ ਦੀਆਂ ਜਾਇਦਾਦਾਂ ਵਿਚ ਰਹਿੰਦਾ ਸੀ, ਬਾਰੇ ਪਹਿਲਾਂ ਪੁਲਿਸ ਨੂੰ ਪਤਾ ਸੀ।
ਕੈਨੇਡਾ ‘ਚ ਭਾਰਤੀ ਵਿਦਿਆਰਥਣ ਨੂੰ ਗੋਲੀ ਮਾਰਨ ਵਾਲਾ ਗ੍ਰਿਫ਼ਤਾਰ
