ਵੈਨਕੂਵਰ, 23 ਜੁਲਾਈ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਕਾਰੋਬਾਰੀਆਂ ਨੂੰ ਆਉਂਦੀਆਂ ਫਿਰੌਤੀ ਕਾਲਾਂ ਅਤੇ ਕਈਆਂ ਦੇ ਘਰਾਂ ਤੇ ਕਾਰੋਬਾਰੀ ਸਥਾਨਾਂ ਸਾਹਮਣੇ ਚੱਲਦੀਆਂ ਗੋਲੀਆਂ ਲਈ ਉਨ੍ਹਾਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੀ.ਸੀ. ਟਰੱਕਿੰਗ ਐਸੋਸੀਏਸ਼ਨ ਵੱਲੋਂ ਕੀਤੇ ਗਏ ਇਕੱਠ ਵਿਚ ਹਰ ਵਰਗ ਦੇ ਕਾਰੋਬਾਰੀ ਸ਼ਾਮਲ ਹੋਏ। ਇਸ ਦੌਰਾਨ ਕਈ ਕਾਰੋਬਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਕੈਨੇਡਾ ਬਾਰੇ ਵੇਖੇ ਸੁਫ਼ਨੇ ਚਕਨਾਚੂਰ ਹੋ ਗਏ ਹਨ। ਕੁਝ ਨੇ ਸਪੱਸ਼ਟ ਕਿਹਾ ਕਿ ਉਹ ਕਿਸੇ ਹੋਰ ਦੇਸ਼ ਜਾਣ ਦੀ ਵਿਉਂਤਬੰਦੀ ਕਰ ਰਹੇ ਹਨ।
ਸਰੀ ਤੋਂ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਤੇ ਰਣਦੀਪ ਸਰਾਏ ਨੇ ਇਸ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਕੈਨੇਡਾ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਗਰਦਾਨਿਆ ਤੇ ਇਸ ਤੋਂ ਚੌਕਸ ਰਹਿਣ ਲਈ ਕਿਹਾ। ਉੱਥੇ ਮੌਜੂਦ ਵੈਦਿਕ ਹਿੰਦੂ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਤੁਰੰਤ ਇਸ ਦੋਸ਼ ਨੂੰ ਖਾਰਜ ਕਰਦਿਆਂ ਆਗੂਆਂ ‘ਤੇ ਜ਼ਿੰਮੇਵਾਰੀ ਤੋਂ ਭੱਜਣ ਦਾ ਦੋਸ਼ ਲਾਇਆ। ਟੋਰੀ ਪਾਰਟੀ ਦੇ ਸੰਸਦ ਮੈਂਬਰ ਟਿਮ ਉੱਪਲ ਨੇ ਕਿਹਾ ਕਿ ਫਿਰੌਤੀ ਰੁਝਾਨ ਤੋਂ ਫਿਕਰਮੰਦ ਉਨ੍ਹਾਂ ਦੀ ਪਾਰਟੀ ਨੇ ਪਿਛਲੇ ਦਿਨੀਂ ਸੰਸਦ ਵਿਚ ਸਖ਼ਤ ਸਜ਼ਾ ਦਾ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਪਾਸ ਨਾ ਹੋਣ ਦੇਣਾ ਸਰਕਾਰੀ ਬਦਨੀਅਤੀ ਦਾ ਸਬੂਤ ਹੈ। ਟੋਰੀ ਆਗੂ ਜੈਸੀ ਸਹੋਤਾ ਨੇ ਕਿਹਾ ਕਿ ਭਾਰਤ ਦੇ ਵੱਡੇ ਗੈਂਗਸਟਰਾਂ ਵੱਲੋਂ ਕੈਨੇਡਾ ਨੂੰ ਪਨਾਹਗਾਹ ਬਣਾਉਣਾ ਮੰਦਭਾਗਾ ਹੈ, ਜਿਸ ਕਾਰਨ ਸਮੁੱਚਾ ਪੰਜਾਬੀ ਭਾਈਚਾਰਾ ਮਜ਼ਾਕ ਦਾ ਪਾਤਰ ਬਣਨ ਲੱਗਾ ਹੈ।