-ਘਰ ਤੋਂ ਡਿਊਟੀ ਜਾਣ ਸਮੇਂ ਹੋਈ ਸੀ ਲਾਪਤਾ
ਸੰਗਰੂਰ/ਟੋਰਾਂਟੋ, 27 ਅਕਤੂਬਰ (ਪੰਜਾਬ ਮੇਲ)- ਜ਼ਿਲ੍ਹਾ ਸੰਗਰੂਰ ਦੀ ਅਮਨਪ੍ਰੀਤ ਕੌਰ ਸੈਣੀ (27) ਦਾ ਕੈਨੇਡਾ ਵਿਚ ਕਤਲ ਹੋ ਗਿਆ ਹੈ ਤੇ ਉਸ ਦੀ ਲਾਸ਼ ਨਿਆਗਰਾ ਨੇੜਲੇ ਲਿੰਕਨ ਸ਼ਹਿਰ ਦੇ ਪਾਰਕ ਵਿਚੋਂ ਮਿਲੀ ਹੈ। ਸ਼ਹਿਰ ਦੀ ਪ੍ਰੇਮ ਬਸਤੀ ਦੀ ਗਲੀ ਨੰਬਰ 6 ਦੇ ਵਸਨੀਕ ਇੰਦਰਜੀਤ ਸਿੰਘ (ਸਾਬਕਾ ਮੁਲਾਜ਼ਮ ਵੇਰਕਾ ਮਿਲਕ ਪਲਾਂਟ ਸੰਗਰੂਰ) ਨੇ ਦੱਸਿਆ ਕਿ ਉਸ ਦੀ ਧੀ ਅਮਨਪ੍ਰੀਤ ਕੌਰ ਸੈਣੀ ਸਾਲ 2021 ਵਿਚ ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਸੀ। ਉਹ ਟੋਰਾਂਟੋ ਵਿਚ ਰਹਿੰਦੀ ਸੀ ਅਤੇ ਹਸਪਤਾਲ ਵਿਚ ਡਿਊਟੀ ਕਰਦੀ ਸੀ। ਉਹ 20 ਅਕਤੂਬਰ ਨੂੰ ਸਵੇਰੇ ਕਰੀਬ ਸਾਢੇ ਛੇ ਵਜੇ ਘਰ ਤੋਂ ਡਿਊਟੀ ਲਈ ਗਈ ਸੀ ਪਰ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਰਹਿੰਦੀ ਉਸ ਦੀ ਵੱਡੀ ਲੜਕੀ ਨੇ ਅਮਨਪ੍ਰੀਤ ਕੌਰ ਬਾਰੇ ਪਤਾ ਕੀਤਾ, ਤਾਂ ਜਾਣਕਾਰੀ ਮਿਲੀ ਕਿ ਉਹ ਡਿਊਟੀ ‘ਤੇ ਨਹੀਂ ਪੁੱਜੀ। ਫਿਰ ਉਸ ਨੇ ਪੁਲਿਸ ਕੋਲ ਆਪਣੀ ਭੈਣ ਦੇ ਲਾਪਤਾ ਹੋਣ ਬਾਰੇ ਰਿਪੋਰਟ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਦੋ ਦਿਨ ਬਾਅਦ ਪੁਲਿਸ ਨੂੰ ਅਮਨਪ੍ਰੀਤ ਕੌਰ ਦੀ ਲਾਸ਼ ਨਿਆਗਰਾ ਇਲਾਕੇ ‘ਚ ਲਿੰਕਨ ਸ਼ਹਿਰ ਦੇ ਪਾਰਕ ਵਿਚੋਂ ਮਿਲੀ, ਜਿਸ ਦਾ ਬੇਰਹਿਮੀ ਨਾਲ ਕਤਲ ਹੋਣ ਬਾਰੇ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਪੀ.ਆਰ. ਲਈ ਅਪਲਾਈ ਕੀਤਾ ਹੋਇਆ ਸੀ, ਜੋ ਉਸ ਨੂੰ ਜਲਦ ਹੀ ਮਿਲਣ ਵਾਲੀ ਸੀ। ਉਸ ਨੇ ਪੀ.ਆਰ. ਮਿਲਣ ਤੋਂ ਬਾਅਦ ਭਾਰਤ ਆਉਣਾ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਵੱਡੀ ਧੀ ਵੀ ਇਸ ਘਟਨਾ ਕਾਰਨ ਡੂੰਘੇ ਸਦਮੇ ਵਿਚ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੱਡੀ ਧੀ ਨਾਲ ਹੀ ਸੰਪਰਕ ਹੋ ਰਿਹਾ ਹੈ, ਜਿਸ ਅਨੁਸਾਰ ਕੈਨੇਡਾ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਘਟਨਾ ਤੋਂ ਬਾਅਦ ਫ਼ਰਾਰ ਹੈ। ਪਰਿਵਾਰ ‘ਚ ਮ੍ਰਿਤਕਾ ਦੇ ਮਾਤਾ-ਪਿਤਾ ਤੋਂ ਇਲਾਵਾ ਕੈਨੇਡਾ ਵਾਸੀ ਵੱਡੀ ਭੈਣ ਅਤੇ ਛੋਟਾ ਭਰਾ ਹੈ। ਮ੍ਰਿਤਕਾ ਦੇ ਪਿਤਾ ਇੰਦਰਜੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਧੀ ਦੀ ਲਾਸ਼ ਪੰਜਾਬ ਲਿਆਉਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।
ਕੈਨੇਡਾ ‘ਚ ਪੰਜਾਬੀ ਮੂਲ ਦੀ ਲੜਕੀ ਦਾ ਕਤਲ; ਪਾਰਕ ‘ਚੋਂ ਮਿਲੀ ਲਾਸ਼
