#CANADA

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

-ਦਹਿਸ਼ਤ ‘ਚ ਸਾਥੀ ਦੀ ਵੀ ਮੌਤ
ਐਡਮਿੰਟਨ, 15 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਐਡਮਿੰਟਨ ‘ਚ ਹਮਲਾਵਰਾਂ ਨੇ ਬੀਤੇ ਦਿਨੀਂ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (27) ਵਾਸੀ ਪਿੰਡ ਬਰ੍ਹੇ ਅਤੇ ਰਣਵੀਰ ਸਿੰਘ (18) ਵਾਸੀ ਸੈਦੇਵਾਲਾ (ਬੋਹਾ) ਵਜੋਂ ਹੋਈ ਹੈ। ਦੋਵੇਂ ਕਰੀਬ ਢਾਈ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਏ ਸਨ।
ਘਟਨਾ ਐਡਮਿੰਟਨ ਦੇ 32 ਐਵੇਨਿਊ ਅਤੇ 26 ਸਟਰੀਟ ਦੇ ਚੌਰਾਹੇ ਨੇੜੇ ਤੜਕੇ 1:30 ਵਜੇ ਵਾਪਰੀ। ਦੋਵੇਂ ਨੌਜਵਾਨ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਜਾ ਰਹੇ ਸਨ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਨੇੜੇ ਰਹਿੰਦੇ ਲੋਕਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਗੁਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ, ਜਦਕਿ ਰਣਵੀਰ ਸਿੰਘ ਗੰਭੀਰ ਜ਼ਖ਼ਮੀ ਹਾਲਤ ਵਿਚ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਵੀ ਦਮ ਤੋੜ ਦਿੱਤਾ।
ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ। ਪੁਲਿਸ ਗੁਰਦੀਪ ਤੇ ਰਣਵੀਰ ਦੀਆਂ ਗਤੀਵਿਧੀਆਂ ਦੀ ਵੀ ਜਾਂਚ ਕਰ ਰਹੀ ਹੈ ਕਿ ਮਨਫ਼ੀ 16 ਡਿਗਰੀ ਤਾਪਮਾਨ ਵਿਚ ਉਹ ਅੱਧੀ ਰਾਤ ਨੂੰ ਘਰੋਂ ਬਾਹਰ ਕਿਹੜੇ ਕਾਰਨਾਂ ਕਰਕੇ ਗਏ ਸਨ।