#CANADA

ਕੈਨੇਡਾ ‘ਚ ਪੰਜਾਬੀ ਨੌਜਵਾਨ ਚੜ੍ਹਿਆ ਗੈਂਗਵਾਰ ਦੀ ਭੇਟ

ਵੈਨਕੂਵਰ, 12 ਜਨਵਰੀ (ਪੰਜਾਬ ਮੇਲ)- ਇਥੋਂ ਨੇੜੇ ਲੋਅਰਮੇਨ ਲੈਂਡ ਸਥਿਤ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਸ਼ਹਿਰ ਐਬਟਸਫੋਰਡ ਵਿਚ ਗੋਲੀਆਂ ਨਾਲ ਮਾਰੇ ਗਏ ਨੌਜਵਾਨ ਦੀ ਪਹਿਚਾਣ ਨਵਪ੍ਰੀਤ ਸਿੰਘ ਧਾਲੀਵਾਲ ਵਜੋਂ ਹੋਈ ਹੈ। ਹਾਲਾਂਕਿ ਪੁਲਿਸ ਨੇ ਅਜੇ ਵੀ ਉਸ ਦੀ ਪਛਾਣ ਜਨਤਕ ਨਹੀਂ ਕੀਤੀ, ਪਰ ਜਾਣਕਾਰਾਂ ਅਨੁਸਾਰ ਬਾਅਦ ਦੁਪਹਿਰ ਉਸ ਨੂੰ ਬਲੂ ਰਿੱਜ ਅਤੇ ਸਿਸਕਨ ਡਰਾਇਵ ਨੇੜੇ ਗੋਲੀਆਂ ਮਾਰੀਆਂ ਗਈਆਂ ਸਨ।
ਵੇਰਵਿਆਂ ਅਨੁਸਾਰ ਕਾਰ ‘ਤੇ ਆਏ ਮੁਲਜਮ ਉਸ ਨੂੰ ਕਈ ਗੋਲੀਆਂ ਮਾਰਕੇ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਅਤੇ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਦਮ ਤੋੜ ਚੁੱਕਾ ਸੀ। ਪੁਲਿਸ ਬੁਲਾਰੇ ਪਾਲ ਵਾਕਰ ਅਨੁਸਾਰ ਕਤਲ ਦੀ ਜਾਂਚ ਪੁਲਿਸ ਦੀ ਵਿਸ਼ੇਸ਼ ਟੀਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੁੱਢਲੇ ਸੰਕੇਤਾਂ ਤੋਂ ਜਾਪਦਾ ਹੈ ਕਿ ਮਿੱਥ ਕੇ ਕੀਤਾ ਗਿਆ ਇਹ ਕਤਲ ਗੈਂਗਵਾਰ ਦਾ ਨਤੀਜਾ ਹੈ। ਉਨ੍ਹਾਂ ਇਹ ਨਹੀਂ ਜ਼ਾਹਿਰ ਕੀਤਾ ਕਿ ਮ੍ਰਿਤਕ ਕਿਸ ਗੈਂਗ ਨਾਲ ਸਬੰਧਤ ਸੀ, ਪਰ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਇਹੀ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਦਾ ਕਤਲ ਵਿਰੋਧੀ ਗੈਂਗ ਨਾਲ ਸਬੰਧਤ ਵਿਅਕਤੀਆਂ ਵਲੋਂ ਕੀਤਾ ਗਿਆ ਹੈ। ਪੁਲਿਸ ਨੇ ਇਸ ਬਾਰੇ ਲੋਕਾਂ ਤੋਂ ਹੋਰ ਜਾਣਕਾਰੀ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।