– ਪਨਾਹ ਮੰਗਣ ਦਾ ਰੁਝਾਨ ਲਾਲਚੀ ਤੇ ਵਿਦੇਸ਼ੀ ਏਜੰਟਾਂ ਤੋਂ ਗੁੰਮਰਾਹ ਹੋਣ ਦਾ ਨਤੀਜਾ: ਮਾਈਕ ਮਿੱਲਰ
– 2018 ‘ਚ ਸਿਰਫ 1810 ਲੋਕਾਂ ਨੇ ਮੰਗੀ ਸੀ ਪਨਾਹ;
ਵੈਨਕੂਵਰ, 14 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਵਿਦੇਸ਼ੀਆਂ ਦੇ ਕੈਨੇਡਾ ‘ਚ ਵੱਸਣ ਲਈ ਵਰਤੇ ਜਾਂਦੇ ਨਾਜਾਇਜ਼ ਢੰਗਾਂ ‘ਤੇ ਨਕੇਲ ਕੱਸੇ ਜਾਣ ਮਗਰੋਂ ਬਹੁਤੇ ਕੌਮਾਂਤਰੀ ਵਿਦਿਆਰਥੀ ਪੱਕੇ ਹੋਣ ਲਈ ਪਨਾਹ (ਸ਼ਰਨ) ਮੰਗਣ ਲੱਗੇ ਹਨ। ਵਿਭਾਗੀ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿਚ (1 ਜਨਵਰੀ ਤੋਂ 30 ਸਤੰਬਰ ਤੱਕ) 13,660 ਕੌਮਾਂਤਰੀ ਵਿਦਿਆਰਥੀਆਂ ਨੇ ਸ਼ਰਨਾਰਥੀ ਵਜੋਂ ਪਨਾਹ ਲਈ ਅਰਜ਼ੀਆਂ ਦਿੱਤੀਆਂ ਹਨ। ਹਾਲਾਂਕਿ ਵਿਭਾਗ ਦੇ ਮੰਤਰੀ ਮਾਈਕ ਮਿੱਲਰ ਨੇ ਆਖਿਆ ਕਿ ਵਿਦੇਸ਼ਾਂ ‘ਚ ਬੈਠੇ ਲਾਲਚੀ ਇੰਮੀਗ੍ਰੇਸ਼ਨ ਸਲਾਹਕਾਰ ਇਨ੍ਹਾਂ ਨੂੰ ਗੁੰਮਰਾਹ ਕਰਕੇ ਗਲਤ ਰਸਤੇ ਤੋਰ ਰਹੇ ਹਨ। ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਵੱਲੋਂ ਸ਼ਰਨ ਦੀ ਮੰਗ ਕਰਨਾ ਹਾਸੋਹੀਣਾ ਹੈ।
ਅੰਕੜਿਆਂ ਅਨੁਸਾਰ ਛੇ ਵਰ੍ਹੇ ਪਹਿਲਾਂ ਸਾਲ 2018 ਵਿਚ ਸਿਰਫ 1,810 ਲੋਕਾਂ ਨੇ ਪਨਾਹ ਲਈ ਦਰਖਾਸਤਾਂ ਦਿੱਤੀਆਂ ਸਨ। ਪੂਰੇ ਸਾਲ (2023) ਦਾ ਇਹ ਅੰਕੜਾ 12 ਹਜ਼ਾਰ ਸੀ। ਮੰਤਰੀ ਨੇ ਦਾਅਵਾ ਕੀਤਾ ਕਿ ਅਜਿਹੀਆਂ ਦਰਖਾਸਤਾਂ ‘ਚੋਂ ਕੁਝ ਸੱਚੀਆਂ ਹੋ ਸਕਦੀਆਂ ਹਨ। ਆਵਾਸ ਵਿਭਾਗ ਦੇ ਮੰਤਰੀ ਮਾਈਕ ਮਿੱਲਰ ਨੇ ਇਸ ਮਾਮਲੇ ਨੂੰ ਲੈ ਕੇ ਕੈਨੇਡਾ ਦੇ ਇੰਮੀਗਰੇਸ਼ਨ ਸਲਾਹਕਾਰਾਂ ਨੂੰ ਲਾਇਸੈਂਸ ਦੇਣ ਵਾਲੇ ਕਾਲਜ ਨੂੰ ਵੀ ਤਾੜਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ (ਕਾਲਜ) ਯਕੀਨੀ ਬਣਾਵੇ ਕਿ ਸਥਾਨਕ ਲਾਇਸੈਂਸ ਹੋਲਡਰਾਂ ‘ਚੋਂ ਕੋਈ ਵੀ ਪਨਾਹ ਮੰਗਣ ਦਾ ਮਸ਼ਵਰਾ ਦੇ ਕੇ ਅਪਲਾਈ ਤਾਂ ਨਹੀਂ ਕਰਵਾ ਰਿਹਾ?