#CANADA

ਕੈਨੇਡਾ ‘ਚ ਨਕਾਬਪੋਸ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਲਾਇਆ ਫਲਸਤੀਨੀ ਝੰਡਾ

-ਭਾਈਚਾਰੇ ‘ਚ ਰੋਸ
ਟੋਰਾਂਟੋ, 28 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਫਲਸਤੀਨੀ ਸਮਰਥਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਅਪਮਾਨ ਕਰਨ ਦੀ ਘਟਨਾ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਕੁਝ ਨਕਾਬਪੋਸ਼ ਲੋਕ ਮਹਾਰਾਜਾ ਦੀ ਮੂਰਤੀ ‘ਤੇ ਚੜ੍ਹ ਕੇ ਉਸ ‘ਤੇ ਫਲਸਤੀਨ ਦਾ ਝੰਡਾ ਲਾਉਂਦੇ ਨਜ਼ਰ ਆ ਰਹੇ ਹਨ। ਇਸ ਘਟਨਾ ਤੋਂ ਬਾਅਦ ਸਥਾਨਕ ਭਾਈਚਾਰੇ ‘ਚ ਰੋਸ ਵਧ ਗਿਆ ਹੈ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ।
ਵੀਡੀਓ ਵਿਚ ਦੋ ਨਕਾਬਪੋਸ਼ ਮਾਸਕ ਪਹਿਨੇ ਬੁੱਤ ‘ਤੇ ਫਲਸਤੀਨ ਦਾ ਝੰਡਾ ਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਹੇਠਾਂ ਕਈ ਹੋਰ ਲੋਕ ਖੜ੍ਹੇ ਦਿਖਾਈ ਦੇ ਰਹੇ ਹਨ। ਇਹ ਘਟਨਾ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਇਕ ਬਦਮਾਸ਼ ਦੀ ਪਛਾਣ ਹੋਸ਼ਮ ਹਮਦਾਨ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਬਰੈਂਪਟਨ ‘ਚ ਵਾਪਰੀ ਹੈ, ਜਿੱਥੇ ਖਾਲਿਸਤਾਨ ਸਮਰਥਕ ਵੀ ਵੱਡੀ ਗਿਣਤੀ ‘ਚ ਮੌਜੂਦ ਹਨ ਪਰ ਅਜੇ ਤੱਕ ਇਸ ‘ਤੇ ਉਨ੍ਹਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਸੰਸਥਾਪਕ ਅਤੇ ਭਾਰਤੀ ਇਤਿਹਾਸ ਦੇ ਮਹਾਨ ਸ਼ਾਸਕਾਂ ਵਿਚੋਂ ਇਕ ਸਨ। ਉਨ੍ਹਾਂ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ, ਪੰਜਾਬ (ਹੁਣ ਪਾਕਿਸਤਾਨ) ਵਿਚ ਹੋਇਆ ਸੀ। ਉਨ੍ਹਾਂ 12 ਸਾਲ ਦੀ ਉਮਰ ਵਿਚ ਗੱਦੀ ਸੰਭਾਲੀ ਅਤੇ18 ਸਾਲ ਦੀ ਉਮਰ ਵਿਚ ਲਾਹੌਰ ਜਿੱਤ ਲਿਆ। ਉਨ੍ਹਾਂ ਨੂੰ ‘ਪੰਜਾਬ ਦਾ ਸ਼ੇਰ’ ਵੀ ਕਿਹਾ ਜਾਂਦਾ ਹੈ।