-ਪੰਜਾਬ ਪੁਲਿਸ ‘ਚ ਥਾਣੇਦਾਰ ਦੇ ਇਕਲੌਤੇ ਪੁੱਤ ਸੀ ਮ੍ਰਿਤਕ ਨੌਜਵਾਨ
ਝਬਾਲ, 14 ਨਵੰਬਰ (ਪੰਜਾਬ ਮੇਲ)- 6 ਸਾਲ ਪਹਿਲਾਂ ਰੋਜ਼ਗਾਰ ਖਾਤਰ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਝਬਾਲ ਦੇ ਪੰਜਾਬ ਪੁਲਿਸ ‘ਚ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦੀ ਕੈਨੇਡਾ ਵਿਖੇ ਟਰੱਕ ਹਾਦਸੇ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣੇਦਾਰ ਸਲਵਿੰਦਰ ਸਿੰਘ ਅਤੇ ਡਾ. ਸੋਨੂੰ ਝਬਾਲ ਅਨੁਸਾਰ ਉਨ੍ਹਾਂ ਦਾ ਭਤੀਜਾ ਦਿਲਪ੍ਰੀਤ ਸਿੰਘ ਪੁੱਤਰ ਥਾਣੇਦਾਰ ਮਨਜੀਤ ਸਿੰਘ ਜੋ 6 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ ਹੁਣ ਪੜ੍ਹਾਈ ਪੂਰੀ ਹੋਣ ਉਪਰੰਤ ਉਥੇ ਟਰੱਕ ਚਲਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕੈਨੇਡਾ ਦੇ ਬਰੈਂਪਟਨ ਲਈ ਉਹ ਟਰੱਕ ਚਲਾ ਰਿਹਾ ਸੀ ਕਿ ਅੱਗੇ ਅਚਾਨਕ ਸੜਕ ‘ਤੇ ਖੜ੍ਹੇ ਇਕ ਹੋਰ ਟਰੱਕ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਦਿਲਪ੍ਰੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਦੱਸਣਯੋਗ ਹੈ ਕਿ ਦਿਲਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸਦੇ ਮਾਤਾ-ਪਿਤਾ ਉਸ ਨੂੰ ਕੈਨੇਡਾ ਵਿਖੇ ਮਿਲਣ ਗਏ ਹੋਏ ਸਨ, ਜਦੋਂਕਿ ਉਸ ਦੀ ਮਾਤਾ ਅਜੇ ਕੱਲ੍ਹ ਹੀ ਵਾਪਸ ਪਿੰਡ ਝਬਾਲ ਪਰਤੀ ਸੀ ਅਤੇ ਪਿਤਾ ਮਨਜੀਤ ਸਿੰਘ ਨੇ ਅਗਲੇ ਮਹੀਨੇ ਲੜਕੇ ਦਿਲਪ੍ਰੀਤ ਸਿੰਘ ਦੇ ਨਾਲ ਹੀ ਵਾਪਸ ਇੰਡੀਆ ਆਉਣਾ ਸੀ। ਪਰੰਤੂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਇੰਨੀ ਵੱਡੀ ਦੁੱਖਦਾਈ ਘਟਨਾ ਵਾਪਰ ਗਈ।
ਕੈਨੇਡਾ ‘ਚ ਟਰੱਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

