ਤੀਜਾ ਮੁਲਜ਼ਮ ਅਜੇ ਫਰਾਰ; ਜਾਅਲੀ ਵਪਾਰਕ ਖਾਤੇ ਖੋਲ੍ਹ ਕੇ ਜਮ੍ਹਾਂ ਕਰਾਉਂਦੇ ਸਨ ਫ਼ਰਜ਼ੀ ਚੈੱਕ
ਵੈਨਕੂਵਰ, 24 ਮਈ (ਪੰਜਾਬ ਮੇਲ)- ਪੀਲ ਪੁਲਿਸ ਨੇ ਬੈਂਕਾਂ ਵਿਚ ਜਾਅਲੀ ਵਪਾਰਕ ਖਾਤੇ ਖੋਲ੍ਹ ਕੇ ਉਨ੍ਹਾਂ ਵਿਚ ਜਾਅਲੀ ਚੈੱਕ ਜਮ੍ਹਾਂ ਕਰਵਾ ਕੇ ਰਕਮਾਂ ਹੜੱਪਣ ਵਾਲੇ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਬੀਤੇ ਦੋ ਮਹੀਨਿਆਂ ਵਿਚ ਇੰਜ ਕਰ ਕੇ ਬੈਂਕਾਂ ਨਾਲ ਢਾਈ ਲੱਖ ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਕੋਮਲ ਗਰੇਵਾਲ (35) ਵਾਸੀ ਬਰੈਂਪਟਨ ਅਤੇ ਅਵੀਰਾਜ ਸਲੋਤਾ (26) ਵਾਸੀ ਨਿਆਗਰਾ ਫਾਲ ਵਜੋਂ ਹੋਈ ਹੈ, ਜਿਨ੍ਹਾਂ ਨੂੰ ਬਰੈਂਪਟਨ ਦੀ ਅਦਾਲਤ ਵਿਚ ਪੇਸ਼ ਕੀਤਾ ਜਾਏਗਾ। ਮਾਮਲੇ ਦਾ ਤੀਜਾ ਮੁਲਜ਼ਮ ਸਈਅਦ ਕਿਰਮਾਨੀ (48) ਵਾਸੀ ਬਰੈਂਪਟਨ ਅਜੇ ਫ਼ਰਾਰ ਹੈ, ਜਿਸ ਦੀ ਭਾਲ ਜਾਰੀ ਹੈ।
ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਕੈਨੇਡਾ ਵਿਚ ਕਈ ਹੋਰ ਥਾਵਾਂ ‘ਤੇ ਵੀ ਇਸੇ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਹੋਣਗੀਆਂ, ਜਿਸ ਸਬੰਧੀ ਦੇਸ਼ ਭਰ ਵਿਚ ਲੋਕਾਂ ਕੋਲੋਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਅਤੇ ਸਹਿਯੋਗ ਮੰਗਿਆ ਗਿਆ ਹੈ। ਮੁਲਜ਼ਮ ਬੈਂਕ ਵਿਚ ਜਾਅਲੀ ਕਾਰੋਬਾਰੀ ਖਾਤੇ ਖੋਲ੍ਹਦੇ ਸਨ ਅਤੇ ਉਨ੍ਹਾਂ ਵਿਚ ਜਾਅਲੀ ਚੈੱਕ ਜਮ੍ਹਾਂ ਕਰਵਾ ਕੇ ਰਕਮ ਕਢਵਾ ਲੈਂਦੇ ਸਨ। ਬੈਂਕਾਂ ਨੂੰ ਜਾਅਲਸਾਜ਼ੀ ਦਾ ਪਤਾ ਲੱਗਣ ਤੋਂ ਪਹਿਲਾਂ ਉਹ ਫ਼ਰਾਰ ਹੋ ਜਾਂਦੇ ਸਨ। ਪੁਲਿਸ ਅਨੁਸਾਰ ਹੁਣ ਤੱਕ ਮੁਲਜ਼ਮਾਂ ਵੱਲੋਂ ਕੀਤੀ ਗਈ ਢਾਈ ਲੱਖ ਡਾਲਰ ਦੀ ਠੱਗੀ ਤਾਂ ਸਾਹਮਣੇ ਆ ਚੁੱਕੀ ਹੈ, ਪਰ ਅਜੇ ਹੋਰ ਕੇਸ ਵੀ ਦਰਜ ਹੋ ਸਕਦੇ ਹਨ।