#CANADA

ਕੈਨੇਡਾ ‘ਚ ਘਰ ਨੂੰ ਭੇਤਭਰੇ ਢੰਗ ਨਾਲ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ ਪਰਿਵਾਰ ਦੀ ਮੌਤ

ਓਟਵਾ, 16 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਪਿਛਲੇ ਹਫਤੇ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੀ ਨਾਬਾਲਗ ਧੀ ਦੀ ਭੇਤਭਰੇ ਢੰਗ ਨਾਲ ਲੱਗ ਅੱਗ ਕਾਰਨ ਮੌਤ ਹੋ ਗਈ। ਅੱਗ ਕਾਰਨ ਪੂਰਾ ਘਰ ਤਬਾਹ ਹੋ ਗਿਆ। 7 ਮਾਰਚ ਨੂੰ ਬਰੈਂਪਟਨ ਦੇ ਬਿਗ ਸਕਾਈ ਵੇਅ ਅਤੇ ਵੈਨ ਕਿਰਕ ਡਰਾਈਵ ਖੇਤਰ ਵਿਚ ਘਰ ਨੂੰ ਅੱਗ ਲੱਗ ਗਈ ਸੀ। ਪੀਲ ਪੁਲਿਸ ਨੇ ਜਾਰੀ ਬਿਆਨ ਵਿਚ ਕਿਹਾ ਕਿ ਅੱਗ ਬੁਝਾਉਣ ਤੋਂ ਬਾਅਦ ਜਾਂਚ ਟੀਮ ਨੂੰ 51 ਸਾਲਾ ਰਾਜੀਵ ਵਾਰੀਕੂ, ਉਸ ਦੀ 47 ਸਾਲਾ ਪਤਨੀ ਸ਼ਿਲਪਾ ਕੋਠਾ ਅਤੇ ਉਨ੍ਹਾਂ ਦੀ 16 ਸਾਲ ਦੀ ਧੀ ਮਹਿਕ ਵਾਰੀਕੂ ਦੀਆਂ ਸੜੀਆਂ ਲਾਸ਼ਾਂ ਮਿਲੀਆਂ। ਪੁਲਿਸ ਇਸ ਨੂੰ ਘਟਨਾ ਨਹੀਂ ਮੰਨ ਰਹੀ ਕਿਉਂਕਿ ਓਨਟਾਰੀਓ ਫਾਇਰ ਮਾਰਸ਼ਲ ਨੇ ਮੰਨਿਆ ਹੈ ਕਿ ਇਹ ਅੱਗ ਅਚਾਨਕ ਨਹੀਂ ਲੱਗੀ। ਮ੍ਰਿਤਕ ਪਰਿਵਾਰ ਦੇ ਗੁਆਂਢੀ ਨੇ ਦੱਸਿਆ ਕਿ ਪੀੜਤ ਕਰੀਬ 15 ਸਾਲਾਂ ਤੋਂ ਇਥੇ ਰਹਿ ਰਹੇ ਸਨ।