-7 ਹਜ਼ਾਰ ਤੋਂ ਵੱਧ ਭਾਰਤੀ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀ
ਵਿਨੀਪੈੱਗ, 27 ਅਕਤੂਬਰ (ਪੰਜਾਬ ਮੇਲ)- ਕੈਨੇਡਾ ਵਿਚ ਗ਼ੈਰਕਨੂੰਨੀ ਤੌਰ ‘ਤੇ ਮੌਜੂਦ 32 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਨ੍ਹਾਂ ਦੀ ਪੈੜ ਨੱਪਣ ਵਿਚ ਹੁਣ ਤੱਕ ਕਾਮਯਾਬ ਨਹੀਂ ਹੋ ਸਕੀ ਹੈ। ਗ਼ੈਰਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ਼ ਕਾਮਨਜ਼ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉੱਠਿਆ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦਸੰਗਰੀ ਉੱਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ।
ਟੋਰੀ ਐੱਮ.ਪੀ. ਫਰੈਂਕ ਕੈਪੁਟੋ ਨੇ ਡਿਪੋਰਟੇਸ਼ਨ ਲਿਸਟ ‘ਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ। ਪਰ ਬਾਅਦ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਿਨ ਓ ਗੌਰਮਨ ਨੇ ਸਾਫ਼ ਤੌਰ ‘ਤੇ ਮੰਨਿਆ ਕਿ 32 ਹਜ਼ਾਰ ਗ਼ੈਰਕਾਨੂੰਨੀ ਪ੍ਰਵਾਸੀ ਫ਼ਰਾਰ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਅੰਕੜਾ ਘੱਟ-ਵੱਧ ਹੋ ਸਕਦਾ ਹੈ। ਕੈਨੇਡਾ-ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਨਾਜਾਇਜ਼ ਪਰਵਾਸ ਦਾ ਜ਼ਿਕਰ ਕਰਦਿਆਂ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 99 ਫ਼ੀਸਦੀ ਕਮੀ ਆਈ ਹੈ ਅਤੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਸੀ.ਬੀ.ਐੱਸ.ਏ. ਨੂੰ 55 ਮਿਲੀਅਨ ਡਾਲਰ ਦੇ ਵਾਧੂ ਫ਼ੰਡ ਮੁਹੱਈਆ ਕਰਵਾਏ ਜਾ ਰਹੇ।
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਸਤੇ ਨਾਜਾਇਜ਼ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਅਸਾਇਲਮ ਅਰਜ਼ੀਆਂ ਵੀ ਸਿੱਧੇ ਤੌਰ ‘ਤੇ ਰੱਦ ਕਰ ਦਿੱਤੀਆਂ ਜਾਣਗੀਆਂ। ਪਾਰਲੀਮਾਨੀ ਕਮੇਟੀ ਦੀ ਬੈਠਕ ਦੌਰਾਨ ਗੈਰੀ ਆਨੰਦਸੰਗਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ ਆਰ.ਸੀ.ਐੱਮ.ਪੀ. ਅਤੇ ਸੀ.ਬੀ.ਐੱਸ.ਏ. ਨੂੰ ਮਿਲਣ ਵਾਲੇ ਫੰਡਾਂ ਵਿਚ 2 ਫ਼ੀਸਦੀ ਕਟੌਤੀ ਕੀਤੀ ਗਈ ਪਰ ਦੋਹਾਂ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ 1000-1000 ਵਾਧੂ ਅਫ਼ਸਰ ਵੀ ਮਿਲ ਰਹੇ ਹਨ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਕੈਨੇਡਾ ਨੇ ਜਿਨ੍ਹਾਂ 398 ਸ਼ਰਨਾਰਥੀ ਦਾਅਵੇਦਾਰਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ, ਉਨ੍ਹਾਂ ਵਿਚੋਂ 146 ਨੂੰ ਅਮਰੀਕਾ ਵਾਪਸ ਭੇਜ ਦਿੱਤਾ ਗਿਆ ਹੈ, ਜਿੱਥੇ 116 ਦੀ ਨਾਗਰਿਕਤਾ ਹੈ। ਬਾਕੀਆਂ ਨੂੰ 53 ਦੇਸ਼ਾਂ ਵਿਚ ਭੇਜ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਹੈਤੀ (53), ਕੋਲੰਬੀਆ (24), ਤੁਰਕੀ (19) ਜਾਂ ਇਰਾਕ (15) ਭੇਜਿਆ ਗਿਆ ਸੀ।
ਇਸ ਡਿਪੋਰਟੇਸ਼ਨ ਲਿਸਟ ‘ਚ ਸਭ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੇ ਯਤਨ ਕੀਤੇ ਜਾ ਰਹੇ ਹਨ। ਐਨਾ ਹੀ ਨਹੀਂ, ਮੌਜੂਦਾ ਵਰ੍ਹੇ ਦੌਰਾਨ 2 ਹਜ਼ਾਰ ਤੋਂ ਵੱਧ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵਧ ਸਕਦਾ ਹੈ।
ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਦਾ ਦਾਅਵਾ ਹੈ ਕਿ 2024-25 ਦੌਰਾਨ 18 ਹਜ਼ਾਰ ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਵਰ੍ਹੇ ਦੇ ਮੁਕਾਬਲੇ 2 ਹਜ਼ਾਰ ਵੱਧ ਹੈ। ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ—ਫੜੀ ਵਾਸਤੇ ਪੁਲਿਸ ਵਿਭਾਗ ਦੀ ਸੇਵਾ ਵੀ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਤਹਿਤ, ਦੇਸ਼ ਵਿਚੋਂ ਹਟਾਉਣ ਦੇ ਆਦੇਸ਼ ਦੀਆਂ 3 ਕਿਸਮਾਂ ਹਨ। ਹਰੇਕ ਕਿਸਮ ਵਾਸਤੇ ਵੱਖ-ਵੱਖ ਨਿਯਮ ਹਨ। ਰਵਾਨਗੀ ਦੇ ਹੁਕਮਾਂ ਮੁਤਾਬਕ ਵਿਅਕਤੀ ਵਿਸ਼ੇਸ਼ ਨੂੰ ਹੁਕਮ ਲਾਗੂ ਹੋਣ ਦੇ ਯੋਗ ਹੋਣ ਦੇ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣ ਦੀ ਲੋੜ ਹੁੰਦੀ ਹੈ। ਜੇ ਵਿਅਕਤੀ 30 ਦਿਨਾਂ ਦੇ ਅੰਦਰ ਕੈਨੇਡਾ ਨਹੀਂ ਛੱਡਦਾ, ਤਾਂ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਬੇਦਖ਼ਲੀ ਦੇ ਹੁਕਮ ਮੁਤਾਬਕ ਵਿਅਕਤੀ ਵਿਸ਼ੇਸ਼ 1 ਸਾਲ ਲਈ ਕੈਨੇਡਾ ਵਾਪਸ ਨਹੀਂ ਆ ਸਕਦਾ, ਜਦ ਤੱਕ ਉਹ ਵਾਪਸ ਆਉਣ ਲਈ ਲਿਖਤੀ ਪੱਤਰ ਪ੍ਰਾਪਤ ਨਹੀਂ ਕਰਦੇ।
ਪਰ ਜੇਕਰ ਅਲਹਿਦਗੀ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ, ਤਾਂ ਵਿਅਕਤੀ ਵਿਸ਼ੇਸ਼ ਨੇ ਆਪਣੇ ਆਪ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ, ਤਾਂ ਉਨ੍ਹਾਂ ਨੂੰ 5 ਸਾਲਾਂ ਵਾਸਤੇ ਕੈਨੇਡਾ ਵਾਪਸ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਦੇਸ਼ ਨਿਕਾਲੇ ਦੇ ਹੁਕਮ ਮੁਤਾਬਕ ਵਿਅਕਤੀ ਵਿਸ਼ੇਸ਼ ਨੂੰ ਕੈਨੇਡਾ ਵਾਪਸ ਆਉਣ ਤੋਂ ਪੱਕੇ ਤੌਰ ‘ਤੇ ਰੋਕਦੇ ਹਨ। ਕੈਨੇਡਾ ਦੀ ਸਰਹੱਦੀ ਏਜੰਸੀ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਕਿੱਥੇ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ, ਇਸ ਬਾਰੇ ਫੈਸਲਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਕੈਨੇਡਾ ਕਿੱਥੋਂ ਆਇਆ ਹੈ।
ਕੈਨੇਡਾ ‘ਚ ਗ਼ੈਰਕਾਨੂੰਨੀ 32 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ

