#CANADA

ਕੈਨੇਡਾ ‘ਚ ਕੰਮ ਤੋਂ ਪਰਤ ਰਹੀ ਪੰਜਾਬਣ ਨਾਲ ਮਹਿਲਾ ਲੁਟੇਰਾ ਗਿਰੋਹ ਵੱਲੋਂ ਕੁੱਟਮਾਰ

ਬੈਂਕ ਕਾਰਡ, ਨਕਦੀ ਤੇ ਹੋਰ ਦਸਤਾਵੇਜ਼ ਤੇ ਸਾਮਾਨ ਖੋਹ ਕੇ ਭੱਜੀਆਂ
ਵੈਨਕੂਵਰ, 26 ਜੂਨ (ਪੰਜਾਬ ਮੇਲ)-ਵਿਨੀਪੈੱਗ ਨੇੜੇ ਓਸਬੋਰਨ ਪਿੰਡ ‘ਚ ਮਹਿਲਾ ਲੁਟੇਰੀਆਂ ਆਪਣੇ ਭਰਾ-ਭਾਬੀ ਕੋਲ ਰਹਿੰਦੀ 23 ਸਾਲਾ ਪੰਜਾਬਣ ਦੀ ਕੁੱਟਮਾਰ ਕਰਕੇ ਉਸ ਤੋਂ ਬੈਂਕ ਕਾਰਡ, ਨਕਦੀ ਤੇ ਹੋਰ ਦਸਤਾਵੇਜ਼ ਤੇ ਸਾਮਾਨ ਖੋਹ ਕੇ ਭੱਜ ਗਈਆਂ। ਪੁਲਿਸ ਨੇ ਗਿਰੋਹ ‘ਚ ਸ਼ਾਮਲ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੀੜਤ ਤਨਪ੍ਰੀਤ ਰਾਤ ਸਮੇਂ ਕੰਮ ਤੋਂ ਪਰਤਦੇ ਹੋਏ ਬੱਸ ਤੋਂ ਉਤਰ ਕੇ ਘਰ ਜਾ ਰਹੀ ਸੀ। ਉਹ ਘਰ ਅੱਗੇ ਪਹੁੰਚੀ ਤਾਂ ਇਸ ਮਹਿਲਾ ਗਿਰੋਹ ਨੇ ਧੱਕਾ ਦੇ ਕੇ ਉਸ ਨੂੰ ਹੇਠਾਂ ਸੁੱਟ ਲਿਆ ਤੇ ਕਾਫੀ ਦੇਰ ਕੁੱਟਮਾਰ ਕਰਦੀਆਂ ਰਹੀਆਂ। ਉਸ ਦੀਆਂ ਚੀਕਾਂ ਸੁਣ ਕੇ ਨੇੜਲੇ ਲੋਕ ਮਦਦ ਲਈ ਆਏ, ਤਾਂ ਮਹਿਲਾ ਗਿਰੋਹ ਦੇ ਮੈਂਬਰ ਭੱਜ ਗਏ। ਤਰਨਪ੍ਰੀਤ ਦੀ ਭਾਬੀ ਰਮਨਦੀਪ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਕਈ ਘੰਟਿਆਂ ਬਾਅਦ ਉਸ ਨੂੰ ਹੋਸ਼ ਆਈ। ਡਾਕਟਰਾਂ ਨੂੰ ਉਸ ਦੀ ਸਰਜਰੀ ਵੀ ਕਰਨੀ ਪਈ। ਇਹ ਘਟਨਾ 22 ਜੂਨ ਰਾਤ ਦੀ ਦੱਸੀ ਜਾਂਦੀ ਹੈ। ਤਰਨਪ੍ਰੀਤ ਦਾ ਭਰਾ, ਜੋ ਭਾਰਤ ਗਿਆ ਹੋਇਆ ਸੀ, ਇਸ ਘਟਨਾ ਦਾ ਪਤਾ ਲੱਗਦੇ ਹੀ ਵਾਪਸ ਪਰਤ ਆਇਆ ਹੈ। ਪੁਲਿਸ ਅਨੁਸਾਰ ਗ੍ਰਿਫਤਾਰ ਕੀਤੀ 17 ਸਾਲਾ ਲੜਕੀ ਉੱਤੇ ਲੁੱਟ ਤੇ ਕੁੱਟਮਾਰ ਦੇ ਸੱਤ ਦੋਸ਼ ਆਇਦ ਕੀਤੇ ਗਏ ਹਨ ਤੇ ਉਸ ਦੇ ਬਾਕੀ ਸਾਥੀਆਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।