#CANADA

ਕੈਨੇਡਾ ‘ਚ ਕਤਲ ਕੇਸ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਕੈਦ

ਓਟਾਵਾ, 31 ਅਕਤੂਬਰ (ਪੰਜਾਬ ਮੇਲ)- ਇੱਕ ਕੈਨੇਡੀਅਨ ਅਦਾਲਤ ਨੇ 2022 ਦੇ ਇੱਕ ਕਤਲ ਕੇਸ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਰਿਪੋਰਟ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੇ ਜਿਊਰੀ ਨੇ ਮੰਗਲਵਾਰ ਨੂੰ ਬਲਰਾਜ ਬਸਰਾ ਨੂੰ ਪਹਿਲੀ ਡਿਗਰੀ ਕਤਲ ਅਤੇ ਅੱਗਜ਼ਨੀ ਦਾ ਦੋਸ਼ੀ ਠਹਿਰਾਇਆ।
ਸੀ.ਬੀ.ਸੀ. ਨੇ ਰਿਪੋਰਟ ਦਿੱਤੀ ਕਿ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਐੱਚ.ਆਈ.ਟੀ.) ਦਾ ਕਹਿਣਾ ਹੈ ਕਿ ਬਸਰਾ 2022 ਵਿਚ 17 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਗੋਲਫ ਕਲੱਬ ਵਿਚ ਵਿਸ਼ਾਲ ਵਾਲੀਆ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਤੀਜਾ ਵਿਅਕਤੀ ਹੈ।
ਹੋਰ ਦੋ ਦੋਸ਼ੀ ਇਕਬਾਲ ਕੰਗ ਅਤੇ ਡੀਐਂਡਰੇ ਬੈਪਟਿਸਟ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿੱਥੇ ਕੰਗ ਨੂੰ 17 ਸਾਲ ਦੀ ਕੈਦ ਅਤੇ ਅੱਗਜ਼ਨੀ ਲਈ ਵਾਧੂ ਪੰਜ ਸਾਲ ਦੀ ਸੁਣਾਈ ਗਈ ਸੀ, ਉੱਥੇ ਬੈਪਟਿਸਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿਚ 17 ਸਾਲਾਂ ਤੱਕ ਕੋਈ ਪੈਰੋਲ ਦੀ ਯੋਗਤਾ ਨਹੀਂ ਹੈ।
ਰਿਪੋਰਟ ਅਨੁਸਾਰ ਤਿੰਨਾਂ ਦੋਸ਼ੀਆਂ ਨੇ 38 ਸਾਲਾ ਵਿਸ਼ਾਲ ਵਾਲੀਆ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਇੱਕ ਵਾਹਨ ਨੂੰ ਅੱਗ ਲਗਾ ਦਿੱਤੀ ਸੀ। ਵੈਨਕੂਵਰ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਉਨ੍ਹਾਂ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਜੋ ਇੱਕ ਹੋਰ ਵਾਹਨ ਵਿਚ ਮੌਕੇ ਤੋਂ ਫਰਾਰ ਹੋ ਗਏ ਸਨ।