#PUNJAB

ਕੇਸ਼ੋਪੁਰ ਛੰਭ ‘ਚ ਵੱਡੀ ਗਿਣਤੀ ‘ਚ ਪ੍ਰਵਾਸੀ ਪੰਛੀਆਂ ਦੀ ਆਮਦ ਨੇ ਤੋੜਿਆ ਪਿਛਲੇ 25 ਸਾਲਾਂ ਦਾ ਰਿਕਾਰਡ

ਦੋਰਾਂਗਲਾ, 28 ਨਵੰਬਰ (ਪੰਜਾਬ ਮੇਲ)- ਦੇਸ਼ ‘ਚ ਸਾਲ 2007 ਵਿਚ ਐਲਾਨੇ ਗਏ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ‘ਚ ਪ੍ਰਵਾਸੀ ਪੰਛੀਆਂ ਦੀ ਆਮਦ ਨੇ ਇਸ ਸਾਲ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 850 ਏਕੜ ਰਕਬੇ ਵਿਚ ਫੈਲੇ ਇਸ ਛੰਭ ਵਿਚ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 29 ਹਜ਼ਾਰ 280 ਪ੍ਰਵਾਸੀ ਪੰਛੀ ਪਹੁੰਚ ਚੁੱਕੇ ਹਨ, ਜੋ ਇਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਇਸ ਛੰਭ ਵਿਚ ਕਦੇ ਵੀ ਇੰਨੀ ਵੱਡੀ ਗਿਣਤੀ ‘ਚ ਪੰਛੀਆਂ ਦੀ ਆਮਦ ਨਹੀਂ ਹੋਈ। ਇਨ੍ਹਾਂ ਸੁੰਦਰ ਪੰਛੀਆਂ ਦੀ ਚਹਿਕ ਕਾਰਨ ਇਸ ਛੰਭ ਵਿਚ ਕੁਦਰਤ ਦੇ ਨਜ਼ਾਰੇ ਹੋਰ ਵੀ ਮਨਮੋਹਕ ਹੋ ਗਏ ਹਨ।
ਕੇਸ਼ੋਪੁਰ ਛੰਭ ਦੀ ਢਾਬ ‘ਚ ਸਾਇਬੇਰੀਆ ਅਤੇ ਹੋਰ ਠੰਡੇ ਮੁਲਕਾਂ ਵਿਚੋਂ ਪ੍ਰਵਾਸੀ ਪੰਛੀਆਂ ਦੀ ਆਮਦ ਆਰੰਭ ਹੋ ਗਈ ਹੈ। ਅੱਜ ਢਾਬ ਦੇ ਪਾਣੀ ਉਤੇ ਵੱਖ-ਵੱਖ ਕਿਸਮਾਂ ਦੇ ਦਰਜਨਾਂ ਪੰਛੀ ਤਾਰੀਆਂ ਲਾਉਂਦੇ ਵੇਖੇ ਗਏ। ਅੱਧ ਦਸੰਬਰ ਤੱਕ ਸਰਦੀ ਵੱਧਣ ਦੇ ਨਾਲ-ਨਾਲ ਇਥੇ ਪੰਛੀਆਂ ਦੀ ਗਿਣਤੀ ਵੀ ਵੱਡੀ ਰਫ਼ਤਾਰ ਨਾਲ ਵਧ ਜਾਵੇਗੀ ਅਤੇ ਇਥੇ ਰੋਜ਼ਾਨਾ ਦਰਜਨਾਂ ਪੰਛੀ ਪ੍ਰੇਮੀ ਵੀ ਪੰਛੀਆਂ ਨੂੰ ਵੇਖਣ ਲਈ ਆਉਣ ਲੱਗ ਜਾਣਗੇ। ਜਿਹੜੇ ਪੰਛੀ ਹੁਣ ਤੱਕ ਇਥੇ ਆ ਚੁੱਕੇ ਹਨ, ਉਨ੍ਹਾਂ ਵਿਚ ਨੀਲਾ ਮੱਗ, ਚਿੱਟੀ ਤੇ ਨੀਲੀ ਮੁਰਗਾਬੀ, ਜਲਮੁਰਗੀ, ਨੀਲਾ ਕਾਂ ਤੇ ਹੋਰ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਪ੍ਰਵਾਸੀ ਪੰਛੀ ਸ਼ਾਮਲ ਹਨ।
ਬਲਾਕ ਦੋਰਾਂਗਲਾ ਦੇ ਅਧੀਨ ਪੈਂਦੇ ਪਿੰਡ ਮਗਰਮੂਦੀਆਂ ਦੇ ਵਸਨੀਕਾਂ ਨੇ ਦੱਸਿਆ ਕਿ ਜ਼ਿਆਦਾਤਰ ਪੰਛੀ ਅੱਜ ਹੀ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪੰਛੀ ਪਹਿਲੀ ਦਸੰਬਰ ਤੋਂ ਬਾਅਦ ਆਉਂਦੇ ਹਨ, ਪਰ ਇਸ ਸਾਲ ਕੁੱਝ ਦਿਨ ਪਹਿਲਾਂ ਹੀ ਪੰਛੀਆਂ ਦੀ ਆਮਦ ਆਰੰਭ ਹੋ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਠੰਡ ਦੇ ਵਧਣ ਨਾਲ ਪੰਛੀਆਂ ਦੀ ਗਿਣਤੀ ਵਧਦੀ ਜਾਂਦੀ ਹੈ ਅਤੇ ਠੰਡ ਘੱਟਦਿਆਂ ਹੀ ਪੰਛੀ ਵਾਪਸ ਉਡਾਰੀ ਮਾਰ ਜਾਂਦੇ ਹਨ। ਰੂਸ, ਚੀਨ, ਮੱਧ ਏਸ਼ੀਆ ਦੇ ਮੁਲਕਾਂ ਤੋਂ ਸਰਦੀਆਂ ਦੇ ਮੌਸਮ ਵਿਚ ਹਜ਼ਾਰਾਂ ਮੀਲਾਂ ਦਾ ਫ਼ਾਸਲਾ ਤਹਿ ਕਰਕੇ ਇਹ ਪੰਛੀ ਕੇਸ਼ੋਪੁਰ ਛੰਬ ਵਿਚ ਪਹੁੰਚਦੇ ਹਨ। ਇਨ੍ਹਾਂ ਮਹਿਮਾਨ ਪੰਛੀਆਂ ਨੂੰ ਉਨ੍ਹਾਂ ਦੇ ਅਨੁਕੂਲ ਵਾਤਾਵਰਨ ਅਤੇ ਮਾਹੌਲ ਮੁਹੱਈਆ ਕਰਵਾਉਣਾ ਸਾਡਾ ਫਰਜ਼ ਹੈ।