#PUNJAB

ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 12 ਹਜ਼ਾਰ ਕਰੋੜ ਦੇ ਫੰਡ ਰੋਕੇ

-ਸੂਬੇ ਦੇ ਵਿਕਾਸ ਕੰਮ ਲੀਹੋਂ ਉੱਤਰੇ
-ਚੋਣਾਂ ਨੇੜੇ ਹੋਣ ਕਾਰਨ ਫੰਡ ਰਿਲੀਜ਼ ਹੋਣ ਦੀ ਉਮੀਦ ਮੁੱਕੀ
ਚੰਡੀਗੜ੍ਹ, 4 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਚਲੰਤ ਮਾਲੀ ਵਰ੍ਹੇ 2023-24 ਦੌਰਾਨ ਪੰਜਾਬ ਦੇ ਕਰੀਬ 12,300 ਕਰੋੜ ਰੁਪਏ ਦੇ ਫ਼ੰਡ ਰੋਕ ਲਏ ਹਨ ਜਿਸ ਕਾਰਨ ਸੂਬੇ ‘ਚ ਵਿਕਾਸ ਕਾਰਜ ਪ੍ਰਭਾਵਿਤ ਹੋਏ ਹਨ। ਪੇਂਡੂ ਲਿੰਕ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਵਿਚ ਵੱਡੀ ਖੜੋਤ ਆ ਗਈ ਹੈ। ਸੂਬੇ ਦੇ ਬਜਟ ਪ੍ਰਸਤਾਵਾਂ ਨੂੰ ਅੰਤਿਮ ਛੋਹਾਂ ਦੇਣ ਸਮੇਂ ਕੇਂਦਰੀ ਫ਼ੰਡਾਂ ਨੂੰ ਰੋਕੇ ਜਾਣ ਦਾ ਉਕਤ ਅੰਕੜਾ ਸਾਹਮਣੇ ਆਇਆ ਹੈ। ਲੋਕ ਸਭਾ ਚੋਣਾਂ ਸਿਰ ‘ਤੇ ਹਨ ਅਤੇ ਸੂਬਾ ਸਰਕਾਰ ਨੂੰ ਕੇਂਦਰ ਵੱਲੋਂ ਰੋਕੇ ਫ਼ੰਡ ਰਿਲੀਜ਼ ਹੋਣ ਦੀ ਉਮੀਦ ਵੀ ਹੁਣ ਮੁੱਕ ਗਈ ਹੈ। ਕੇਂਦਰ ਵਿਚ ਨਵੀਂ ਬਣਨ ਵਾਲੀ ਸਰਕਾਰ ਹੀ ਇਸ ਬਾਰੇ ਕੋਈ ਫ਼ੈਸਲਾ ਕਰੇਗੀ। ਪੰਜਾਬ ਸਰਕਾਰ ਨੇ ਦਿਹਾਤੀ ਵਿਕਾਸ ਫ਼ੰਡ ਰੋਕੇ ਜਾਣ ਖ਼ਿਲਾਫ਼ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ ਇਸੇ ਮਹੀਨੇ ਵਿਚ ਹੋਣੀ ਹੈ। ਪੇਂਡੂ ਵਿਕਾਸ ਫ਼ੰਡਾਂ ਦਾ ਕੇਂਦਰ ਵੱਲ ਕਰੀਬ 5500 ਕਰੋੜ ਦਾ ਬਕਾਇਆ ਖੜ੍ਹਾ ਹੈ। ਇਨ੍ਹਾਂ ਫ਼ੰਡਾਂ ਦੇ ਰੁਕਣ ਨਾਲ ਖਸਤਾ ਹਾਲ ਲਿੰਕ ਸੜਕਾਂ ਦੀ ਮੁਰੰਮਤ ਰੁਕੀ ਹੋਈ ਹੈ। ਵੇਰਵਿਆਂ ਅਨੁਸਾਰ ਕੇਂਦਰ ਨੇ ਕੌਮੀ ਸਿਹਤ ਮਿਸ਼ਨ ਦੇ ਫ਼ੰਡਾਂ ਵਿਚ 800 ਕਰੋੜ ਰੁਪਏ ਦੀ ਕਟੌਤੀ ਕੀਤੀ ਹੈ ਅਤੇ 1807 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਗਰਾਂਟ ਵੀ ਰੋਕ ਲਈ ਹੈ। ਥੋੜ੍ਹਾ ਸਮਾਂ ਪਹਿਲਾਂ ਹੀ ਕੇਂਦਰ ਵੱਲੋਂ ਪੰਜਾਬ ਦੀ ਕਰਜ਼ਾ ਹੱਦ ਵਿਚ ਵੀ 1800 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਵੇਂ ਹੀ ਕੇਂਦਰ ਨੇ ਉਦੈ ਸਕੀਮ ਨੂੰ ਲਾਗੂ ਕਰਨ ਮਗਰੋਂ ਪਾਵਰਕੌਮ ਨੂੰ ਪਏ 4700 ਕਰੋੜ ਦੇ ਘਾਟੇ ‘ਚੋਂ 2400 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਝੱਲਣ ਲਈ ਕਿਹਾ ਹੈ। ਇਹ ਰਾਸ਼ੀ ਸੂਬੇ ਦੀ ਕਰਜ਼ਾ ਹੱਦ ਵਿਰੁੱਧ ਐਡਜਸਟ ਕੀਤੀ ਜਾਣੀ ਹੈ। ਕੇਂਦਰ ਸਰਕਾਰ ਨੇ ਕੈਸ਼ ਕ੍ਰੈਡਿਟ ਲਿਮਟ ਦੇ 31000 ਕਰੋੜ ਰੁਪਏ ਦੇ ਫ਼ਰਕ ਦੀ ਰਕਮ ‘ਤੇ 6100 ਕਰੋੜ ਰੁਪਏ ਦੀ ਰਾਹਤ ਵੀ ਨਹੀਂ ਦਿੱਤੀ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਸਲ ਵਿਚ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਾਸੀ ਲੋਕ ਸਭਾ ਚੋਣਾਂ ‘ਚ ਭਾਜਪਾ ਨਾਲ ਇਸ ਦਾ ਹਿਸਾਬ-ਕਿਤਾਬ ਕਰਨਗੇ।
ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਮਾਲੀਏ ਵਿਚ ਕਾਫ਼ੀ ਵਾਧਾ ਹੋ ਰਿਹਾ ਹੈ ਪ੍ਰੰਤੂ ਜਦੋਂ ਕੇਂਦਰੀ ਮਦਦ ਵਿਚ ਵੱਡੀ ਕਮੀ ਆ ਗਈ ਹੈ, ਤਾਂ ਮਾਲੀਏ ਵਿਚ ਬੜ੍ਹੌਤਰੀ ਅਸਰਹੀਣ ਹੋ ਰਹੀ ਹੈ। ਹਾਲਾਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ਿਕਰ ਕੀਤਾ ਕਿ ਦੋ ਵਰ੍ਹਿਆਂ ਹੀ ਆਬਕਾਰੀ ਮਾਲੀਏ ਵਿਚ 3626 ਕਰੋੜ ਦਾ ਵਾਧਾ ਹੋ ਗਿਆ ਹੈ ਅਤੇ ਹੁਣ ਆਬਕਾਰੀ ਤੋਂ ਕਮਾਈ 9785 ਕਰੋੜ ਹੋ ਜਾਵੇਗੀ। ਵਿੱਤ ਮੰਤਰੀ ਮੁਤਾਬਕ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਸੂਬਾ ਸਰਕਾਰ ਸਮੇਂ ਸਿਰ ਦੇਣਦਾਰੀਆਂ ਚੁਕਾ ਰਹੀ ਹੈ।