#PUNJAB

ਕੇਂਦਰ ਵੱਲੋਂ ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਖਤਮ ਕੀਤੇ ਨੂੰ ਪੰਜ ਸਾਲ ਹੋਏ ਪੂਰੇ

-ਆਈ.ਸੀ.ਪੀ. ਅਟਾਰੀ ‘ਤੇ ਅਰਬਾਂ ਦਾ ਕਾਰੋਬਾਰ ਹੋਇਆ ਖ਼ਤਮ
– ਉੱਜੜ ਚੁੱਕੇ ਹਨ 20 ਹਜ਼ਾਰ ਪਰਿਵਾਰ
ਅੰਮ੍ਰਿਤਸਰ, 25 ਮਾਰਚ (ਪੰਜਾਬ ਮੇਲ)- ਪੁਲਵਾਮਾ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਖ਼ਤਮ ਕੀਤੇ ਜਾਣ ਦਾ ਪੰਜ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਹਮਲੇ ਦੇ ਬਾਅਦ ਪਾਕਿਸਤਾਨ ਤੋਂ ਦਰਾਮਦ ਕੀਤੀਆਂ ਗਈਆਂ ਵਸਤਾਂ ‘ਤੇ ਕੇਂਦਰ ਸਰਕਾਰ ਨੇ 22 ਫਰਵਰੀ 2019 ਦੇ ਦਿਨ 200 ਫੀਸਦੀ ਡਿਊਟੀ ਲਗਾ ਕੇ ਅਸਿੱਧੇ ਤੌਰ ‘ਤੇ ਆਈ.ਸੀ.ਪੀ. ਅਟਾਰੀ ਬਾਰਡਰ ‘ਤੇ ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲਾ ਅਰਬਾਂ ਰੁਪਏ ਦਾ ਕਾਰੋਬਾਰ ਖ਼ਤਮ ਕਰ ਦਿੱਤਾ, ਜੋ ਅਜੇ ਤੱਕ ਬੰਦ ਹੈ। ਇਸ ਕਾਰਨ ਆਈ.ਸੀ.ਪੀ. ਅਟਾਰੀ ਸਿਰਫ਼ ਅਫਗਾਨੀ ਦਰਾਮਦ ਤੱਕ ਸੀਮਤ ਰਹਿ ਗਈ ਹੈ, ਜਦਕਿ 150 ਕਰੋੜ ਰੁਪਏ ਦੀ ਲਾਗਤ ਨਾਲ ਆਈ.ਸੀ.ਪੀ. ਨੂੰ ਪਾਕਿਸਤਾਨ ਨਾਲ ਦਰਾਮਦ-ਬਰਾਮਦ ਕਰਨ ਲਈ ਤਿਆਰ ਕੀਤਾ ਗਿਆ ਸੀ।
ਇੰਨਾ ਹੀ ਨਹੀਂ, ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਏਅਰ ਕੰਡੀਸ਼ਨਡ ਇੰਟਰਨੈਸ਼ਨਲ ਅਟਾਰੀ ਰੇਲਵੇ ਸਟੇਸ਼ਨ ਵੀ ਖੰਡਰ ਬਣਦਾ ਜਾ ਰਿਹਾ ਹੈ ਕਿਉਂਕਿ ਹੁਣ ਨਾ ਤਾਂ ਸਮਝੌਤਾ ਐਕਸਪ੍ਰੈੱਸ ਆਉਂਦੀ ਹੈ ਅਤੇ ਨਾ ਹੀ ਪਾਕਿਸਤਾਨ ਨਾਲ ਮਾਲਗੱਡੀ ਦਾ ਆਵਾਜਾਈ ਹੁੰਦੀ ਹੈ। ਅੰਤਰਰਾਸ਼ਟਰੀ ਰੇਲ ਕਾਰਗੋ ਦਾ ਵੀ ਇਹੀ ਹਾਲ ਹੈ ਅਤੇ ਉੱਥੇ ਤਾਲੇ ਲੱਗੇ ਹੋਏ ਮਿਲਦੇ ਹਨ ਪਰ ਇਸੇ ਆਈ.ਸੀ.ਪੀ. ਅਟਾਰੀ ਬਾਰਡਰ ਦੇ ਨਾਲ ਬਣੇ ਜੇ.ਸੀ.ਪੀ. (ਜੁਆਇੰਟ ਚੈੱਕ ਪੋਸਟ) ਅਟਾਰੀ ਬਾਰਡਰ ‘ਤੇ ਬੀ.ਐੱਸ.ਐੱਫ. ਤੇ ਪਾਕਿਸਤਾਨ ਰੇਂਜਰਸ ਦਰਮਿਆਨ ਹੋਣ ਵਾਲੀ ਪਰੇਡ ਅੱਜ ਵੀ ਜਾਰੀ ਹੈ, ਹਾਲਾਂਕਿ ਇਸ ਪਰੇਡ ‘ਚ ਬੀ.ਐੱਸ.ਐੱਫ. ਵੱਲੋਂ ਝੰਡਾ ਉਤਾਰਣ ਦੀ ਰਸਮ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਇਹ ਰਵਾਇਤ ਵੀ ਹੈ।
ਪਾਕਿਸਤਾਨ ਨਾਲ ਦਰਾਮਦ-ਬਰਾਮਦ ਬੰਦ ਹੋਣ ਨਾਲ ਅਟਾਰੀ ਤੇ ਅੰਮ੍ਰਿਤਸਰ ਖੇਤਰ ਦੇ ਲਗਭਗ 20 ਹਜ਼ਾਰ ਪਰਿਵਾਰ ਪਿਛਲੇ ਪੰਜ ਸਾਲਾਂ ਤੋਂ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ ਉੱਜੜ ਚੁੱਕੇ ਹਨ। ਇਨ੍ਹਾਂ ਪਰਿਵਾਰਾਂ ‘ਚ ਦਰਾਮਦਕਾਰ, ਬਰਾਮਦਕਾਰ, ਪੰਜ ਹਜ਼ਾਰ ਦੇ ਲੱਗਭਗ ਕੁਲੀ, ਹੈਲਪਰ, ਟਰਾਂਸਪੋਰਟਰ, ਟਰਾਂਸਪੋਰਟ ਲੇਬਰ, ਸੀ.ਐੱਚ.ਏ. ਤੇ ਹੋਰ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਦੀ ਰੋਜ਼ੀ ਰੋਟੀ ਆਈ.ਸੀ.ਪੀ. ਅਟਾਰੀ ‘ਤੇ ਹੋਣ ਵਾਲੇ ਦਰਾਮਦ-ਬਰਾਮਦ ਨਾਲ ਚੱਲਦੀ ਸੀ। ਸਰਹੱਦੀ ਜ਼ਿਲਾ ਹੋਣ ਕਾਰਨ ਇਨ੍ਹਾਂ ਹਜ਼ਾਰਾਂ ਪਰਿਵਾਰਾਂ ਕੋਲ ਆਮਦਨ ਦਾ ਕੋਈ ਹੋਰ ਸਾਧਨ ਵੀ ਨਹੀਂ ਰਿਹਾ ਹੈ ਅਤੇ ਨਾ ਹੀ ਕਿਸੇ ਕੇਂਦਰ ਤੇ ਸੂਬਾ ਸਰਕਾਰ ਦੇ ਅਧਿਕਾਰੀ ਨੇ ਇਨ੍ਹਾਂ ਪਰਿਵਾਰਾਂ ਦੀ ਖਬਰ ਲਈ ਹੈ। ਸਰਹੱਦੀ ਇਲਾਕਾ ਹੋਣ ਕਾਰਨ ਇਥੇ ਕੋਈ ਹੋਰ ਕਾਰੋਬਾਰ ਵੀ ਨਹੀਂ ਹੈ। ਇੰਡਸਟਰੀ ਪਹਿਲਾਂ ਹੀ ਹਿਮਾਚਲ ਤੇ ਹੋਰ ਸੂਬਿਆਂ ਵੱਲ ਸ਼ਿਫਟ ਹੋ ਚੁੱਕੀ ਹੈ।