-ਅੱਤਵਾਦ ਦੇ ਟਾਕਰੇ ਲਈ ਵਰਕਿੰਗ ਗਰੁੱਪ ਦੀ ਸਥਾਪਤੀ ਦਾ ਐਲਾਨ
ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਕੁਆਡ (ਚਾਰ ਮੁਲਕੀ ਸਮੂਹ) ਦੇ ਵਿਦੇਸ਼ ਮੰਤਰੀਆਂ ਨੇ ਮੁਕਤ ਤੇ ਮੋਕਲੇ ਹਿੰਦ ਪ੍ਰਸ਼ਾਂਤ ਖਿੱਤੇ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੀਨ ਨੂੰ ਦਿੱਤੇ ਅਸਿੱਧੇ ਸੁਨੇਹੇ ਵਿਚ ਕਿਹਾ ਕਿ ਉਹ ਕਾਨੂੰਨ ਦੇ ਰਾਜ, ਪ੍ਰਭੂਸੱਤਾ, ਪ੍ਰਾਦੇਸ਼ਕ ਅਖੰਡਤਾ ਤੇ ਸਾਰੇ ਵਿਵਾਦਾਂ ਦੇ ਅਮਨਪੂਰਵਕ ਹੱਲ ਦੀ ਜ਼ੋਰਦਾਰ ਢੰਗ ਨਾਲ ਹਮਾਇਤ ਕਰਦੇ ਹਨ। ਕੁਆਡ ਦੀ ਮੀਟਿੰਗ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਅਮਰੀਕਾ ਦੇ ਐਂਟਨੀ ਬਲਿੰਕਨ, ਉਨ੍ਹਾਂ ਦੇ ਜਪਾਨੀ ਤੇ ਆਸਟਰੇਲੀਅਨ ਹਮਰੁਤਬਾ ਕ੍ਰਮਵਾਰ ਯੋਸ਼ੀਮਾਸਾ ਹਯਾਸੀ ਤੇ ਪੈਨੀ ਵੌਂਗ ਸ਼ਾਮਲ ਹੋਏ। ਮੀਟਿੰਗ ਉਪਰੰਤ ਅੱਤਵਾਦ ਦੇ ਟਾਕਰੇ ਲਈ ਕੁਆਡ ਵਰਕਿੰਗ ਗਰੁੱਪ ਦੀ ਸਥਾਪਤੀ ਦਾ ਐਲਾਨ ਕੀਤਾ ਗਿਆ, ਜੋ ਅੱਤਵਾਦ, ਕੱਟੜਵਾਦ ਤੇ ਹਿੰਸਕ ਇੰਤਹਾਪਸੰਦੀ ਦੇ ਨਵੇਂ ਤੇ ਉਭਰਦੇ ਰੂਪਾਂ ਦੇ ਟਾਕਰੇ ਲਈ ਵੱਖ-ਵੱਖ ਉਪਰਾਲਿਆਂ ਦੀ ਨਿਰਖ-ਪਰਖ ਕਰੇਗਾ। ਮੰਤਰੀਆਂ ਨੇ ਸਾਲ 2023 ਵਿਚ ਜਪਾਨ ਦੀ ਜੀ-7 ਦੀ ਪ੍ਰਧਾਨਗੀ, ਜੀ-20 ਵਿਚ ਭਾਰਤ ਦੀ ਪ੍ਰਧਾਨਗੀ ਅਤੇ ਸੰਯੁਕਤ ਰਾਜ ਦੇ ਐਪੇਕ (ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ) ਦੇ ‘ਮੇਜ਼ਬਾਨੀ ਸਾਲ’ ਦੇ ਨਾਲ ਕੁਆਡ ਦੇ ਏਜੰਡੇ ਨੂੰ ਇਕਸਾਰ ਅਤੇ ਪੂਰਾ ਕਰਨ ਲਈ ਨੇੜਿਓਂ ਕੰਮ ਕਰਨ ਦੀ ਸਹੁੰ ਖਾਧੀ।
ਮੀਟਿੰਗ ਉਪਰੰਤ ਚਾਰੋਂ ਮੰਤਰੀਆਂ ਨੇ ਰਾਇਸੀਨਾ ਸੰਵਾਦ ਵਿਚ ਵੀ ਸ਼ਿਰਕਤ ਕੀਤੀ ਤੇ ਇਸ ਦੌਰਾਨ ਕੁਆਡ ਮੈਂਬਰ ਮੁਲਕਾਂ ਦੇ ਇਕ ਦੂਜੇ ਨਾਲ ਜੁੜੇ ਹਿੱਤਾਂ ਬਾਰੇ ਹੀ ਵਧੇਰੇ ਗੱਲ ਕੀਤੀ। ਬਲਿੰਕਨ ਨੇ ਕਿਹਾ, ”ਸਾਡੇ ਲਈ ਭਵਿੱਖ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਹੈ। ਇਸ ਪੂਰੇ ਖਿੱਤੇ ਨਾਲ ਸਾਡੀ ਨੇੜਤਾ, ਫਿਰ ਚਾਹੇ ਉਹ ਕੁਆਡ ਜ਼ਰੀਏ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ, ਵਿਆਪਕ ਤੇ ਡੂੰਘੀ ਹੈ।” ਬਲਿੰਕਨ ਤੇ ਵੌਂਗ ਜਿੱਥੇ ਜੀ 20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਭਾਰਤ ਆਏ ਸਨ, ਉਥੇ ਹਯਾਸ਼ੀ ਕੁਆਡ ਮੀਟਿੰਗ ਲਈ ਨਵੀਂ ਦਿੱਲੀ ਵਿਚ ਹਨ।