#INDIA

ਕਿਸਾਨ ਮਹਾਪੰਚਾਇਤ: ਕਿਸਾਨਾਂ-ਮਜ਼ਦੂਰਾਂ ਦੇ ਕਾਫ਼ਲਿਆਂ ਨੂੰ ਤੰਗ ਕਰਨ ਦਾ ਦੋਸ਼, ਸਾਰੀ ਰਾਤ ਸੜਕਾਂ ’ਤੇ ਰੁਲਦੇ ਰਹੇ

ਨਵੀਂ ਦਿੱਲੀ, 14 ਮਾਰਚ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਇਥੋਂ ਦੇ ਰਾਮਲੀਲਾ ਮੈਦਾਨ ਵਿੱਚ ਰੱਖੀ ਮਹਾਪੰਚਾਇਤ ਨੂੰ ਭਾਵੇਂ ਦਿੱਲੀ ਪ੍ਰਸ਼ਾਸਨ ਨੇ ਇਜ਼ਾਜ਼ਤ ਦੇ ਦਿੱਤੀ ਪਰ ਦਿੱਲੀ ਪਹੁੰਚਣ ਵਾਲੇ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਸਾਥੀਆਂ ਨਾਲ ਅੰਬਾਲਾ ਤੋਂ ਦਿੱਲੀ ਆਏ ਤਾਂ ਰਸਤੇ ਵਿੱਚ ਕਈ ਥਾਵਾਂ ’ਤੇ ਪੁਲੀਸ ਨਾਲ ਬਹਿਸ ਕਰਨੀ ਪਈ, ਜਦ ਕਿ ਉਨ੍ਹਾਂ ਦੀ ਗੱਡੀ ਨੂੰ ਮਨਜ਼ੂਰੀ ਮਿਲੀ ਹੋਈ ਸੀ। ਕਿਸਾਨਾਂ ਦੇ ਜਿਹੜੇ ਕਾਫਲੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਉੱਤਰ ਕੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਜਾ ਰਹੇ ਸਨ ਉਨ੍ਹਾਂ ਨੂੰ ਕਨਾਟ ਪਲੇਸ ਕੋਲ ਬੱਸਾਂ ਵਿੱਚੋਂ ਉਤਾਰ ਲਿਆ ਅਤੇ ਪੁਲੀਸ ਦੀਆਂ ਬੱਸਾਂ ਵਿੱਚ ਬਿਠਾ ਕੇ ਇੱਧਰ ਉੱਧਰ ਘੁੰਮਾਉਣ ਤੋਂ ਬਾਅਦ ਚਾਂਦਨੀ ਚੌਕ ਵਿਖੇ ਛੱਡ ਦਿੱਤਾ। ਨਾਲ ਸੀਸ ਗੰਜ ਗੁਰਦੁਆਰੇ ਵਿੱਚ ਰਹਿਣ ਦੀ ਨਸੀਹਤ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੂੰ ਮਾਨਸਾ ਜ਼ਿਲ੍ਹੇ ਦੇ ਸਾਥੀਆਂ ਅਤੇ ਬੀਬੀਆਂ ਸਮੇਤ ਕਨਾਟ ਪਲੇਸ ਤੋਂ ਚਾਂਦਨੀ ਚੌਕ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬਾ ਪ੍ਰਧਾਨ ਦੀ ਗੱਡੀ ਨੂੰ ਵੀ ਨਵੀਂ ਦਿੱਲੀ ਵੱਲ ਜਾਣ ਤੋਂ ਰੋਕਿਆ। ਬਾਅਦ ਵਿੱਚ ਪਤਾ ਲੱਗਿਆ ਕਿ ਨਵੀਂ ਦਿੱਲੀ ਵਿੱਚ ਦਫਾ 144 ਲਾਈ ਹੋਈ ਹੈ ਅਤੇ ਪੁਰਾਣੀ ਦਿੱਲੀ ਤੋਂ ਨਵੀਂ ਦਿੱਲੀ ਵੱਲ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਆਮ ਤੌਰ ’ਤੇ ਜਦੋਂ ਵੀ ਕਿਸਾਨਾਂ ਦਾ ਕੋਈ ਇਕੱਠ ਹੁੰਦਾ ਹੈ ਤਾਂ ਉਹ ਮੁੱਖ ਤੌਰ ’ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਰੁਕਦੇ ਹਨ ਪਰ ਕਿਸਾਨਾਂ ਨੂੰ ਇੱਥੇ ਪਹੁੰਚਣ ਤੋਂ ਰੋਕਿਆ ਗਿਆ ਤਾਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਬਹੁਤ ਜ਼ਿਆਦਾ ਭੀੜ ਹੋ ਗਈ। ਇਸ ਤੋਂ ਇਲਾਵਾ ਭਾਵੇਂ ਰਾਮ ਲੀਲਾ ਮੈਦਾਨ ਦੀ ਦੋ ਦਿਨ ਵਾਸਤੇ ਮਨਜ਼ੂਰੀ ਦਿੱਤੀ ਗਈ ਸੀ ਪਰ ਰਾਤ ਨੂੰ ਆਉਣ ਵਾਲੇ ਕਿਸਾਨਾਂ ਨੂੰ ਰਾਮ ਲੀਲਾ ਮੈਦਾਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਕਿਸਾਨਾਂ ਨੂੰ ਰੇਲਵੇ ਸਟੇਸ਼ਨਾਂ ’ਤੇ ਠਹਿਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦੇ ਕਾਫਲੇ ਸਾਰੀ ਰਾਤ ਸੜਕਾਂ ’ਤੇ ਰਹੇ। ਸ੍ਰੀ ਧਨੇਰ ਨੇ ਕਿਹਾ ਕਿ ਭਾਜਪਾ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਸਮੁੱਚੇ ਆਗੂਆਂ ਵਿੱਚ ਕੇਂਦਰ ਸਰਕਾਰ ਪ੍ਰਤੀ ਸਖਤ ਰੋਸ ਹੈ।