#PUNJAB

ਕਿਸਾਨ ਅੰਦੋਲਨ: ਸ਼ੰਭੂ ਬਾਰਡਰ ਤੋਂ ਕਿਸਾਨ ਆਗੂਆਂ ਵੱਲੋਂ ਅਗਲੀ ਰਣਨੀਤੀ ਦਾ ਐਲਾਨ

3 ਮਾਰਚ ਨੂੰ ਡੱਬਵਾਲੀ ਹੱਦ ਤੋਂ ਕਰਨਗੇ ਦਿੱਲੀ ਵੱਲ ਕੂਚ
ਪਟਿਆਲਾ, 1 ਮਾਰਚ (ਪੰਜਾਬ ਮੇਲ)- 21 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਦੌਰਾਨ ਮਾਰੇ ਗਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੇ ਸਸਕਾਰ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਅੱਜ ਦਿੱਲੀ ਚੱਲੋ ਅੰਦੋਲਨ ਬਾਰੇ ਅਗਲੀ ਰਣਨੀਤੀ ਦਾ ਐਲਾਨ ਕੀਤਾ। ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅੱਜ ਸ਼ਾਮ ਨੂੰ ਸ਼ੰਭੂ ਸਰਹੱਦ ‘ਤੇ ਮੀਟਿੰਗ ਕਰਕੇ ਅਗਲੀ ਰਣਨੀਤੀ ਬਾਰੇ ਜਾਣੂ ਕਰਵਾਇਆ। ਕਿਸਾਨ ਆਗੂਆਂ ਨੇ ਕਿਹਾ ਕਿ 3 ਮਾਰਚ ਤੋਂ ਡੱਬਵਾਲੀ ਹੱਦ ਤੋਂ ਕਿਸਾਨ ਦਿੱਲੀ ਕੂਚ ਕਰਨਗੇ। ਜੇ ਕਿਸਾਨਾਂ ਨੂੰ ਸਰਕਾਰ ਨੇ ਰੋਕਿਆ, ਤਾਂ ਉਹ ਸ਼ੰਭੂ ਤੇ ਢਾਬੀਗੁੱਜਰਾਂ ਦੀ ਤਰ੍ਹਾਂ ਹੀ ਡੱਬਵਾਲੀ ਵਿਖੇ ਵੀ ਧਰਨਾ ਮਾਰ ਕੇ ਬੈਠਣਗੇ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਕਿਸਾਨ ਪੈਦਲ ਹੀ ਦਿੱਲੀ ਵੱਲ ਕੂਚ ਕਰਨਗੇ। ਇਸ ਤੋਂ ਇਲਾਵਾ ਦੇਸ਼ ਭਰ ਵਿਚੋਂ ਦਿੱਲੀ ਨੂੰ ਜਾਂਦੇ ਪ੍ਰਮੁੱਖ ਮਾਰਗਾਂ ‘ਤੇ ਵੀ ਸਬੰਧਤ ਸੂਬਿਆਂ ਦੇ ਕਿਸਾਨ ਧਰਨੇ ਦੇਣਗੇ। ਇਸ ਮੌਕੇ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਝੂਠਾ ਪ੍ਰਚਾਰ ਕਰਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਾੜਾ ਸਾਬਤ ਕਰਨ ਲੱਗਾ ਹੋਇਆ ਹੈ, ਜਦਕਿ ਉਹ ਕਿਸਾਨ ਮੰਗਾਂ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ‘ਚ ਹੈ। ਕਿਸਾਨ ਹਰ ਚੀਜ਼ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਨਤਕ ਦਬਾਅ ਹੇਠ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।