ਚੰਡੀਗੜ੍ਹ, 22 ਫਰਵਰੀ (ਪੰਜਾਬ ਮੇਲ)-ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਤੇ ਪੁਲਿਸ ਵੱਲੋਂ ਹਮਲਾ ਕਰਨ ਦੇ ਵਿਰੋਧ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਪੰਜਾਬ ਕਾਂਗਰਸ ਦੇ ਵਿਧਾਇਕ ਸਮੇਤ ਹੋਰ ਵਰਕਰਾਂ ਖ਼ਿਲਾਫ਼ ਸੈਕਟਰ-3 ਥਾਣਾ ਪੁਲਸਿ ਨੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ, ਡਿਊਟੀ ‘ਚ ਵਿਘਨ ਪਾਉਣ ਅਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਰਿੰਦਰ ਸਿੰਘ ਢਿੱਲੋਂ, ਸਮਿਤ ਸਿੰਘ, ਖੁਸ਼ਬਾਜ਼ ਜੱਟਾਂ, ਲਖਵਿੰਦਰ ਸਿੰਘ, ਚੁਸਪਿੰਦਰ ਬੀਰ ਚਾਹਲ, ਹਰਮਨ ਸੇਖੋਂ, ਸਿਕੰਦਰ ਬੂੜਾ, ਸਚਿਨ ਨੈਨ, ਉਦੈਵੀਰ ਢਿੱਲੋਂ, ਸੁਰਜੀਤ ਸਿੰਘ, ਅੰਗਦ ਸਿੰਘ, ਸੰਜੀਵ ਸ਼ਰਮਾ, ਕਰਨੈਲ ਸਿੰਘ ਸਮੇਤ ਹੋਰਨਾਂ ਨੂੰ ਮੁਲਜ਼ਮ ਬਣਾਇਆ ਹੈ। ਸੈਕਟਰ-3 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਵਿਧਾਇਕ ਕੋਟਲੀ ਅਤੇ ਹੋਰ ਆਗੂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਨੂੰ ਲੈ ਕੇ ਹਰਿਆਣਾ ਸੀ.ਐੱਮ. ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ। ਹੱਥਾਂ ‘ਚ ਝੰਡੇ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ। ਗਸ਼ਤ ਦੌਰਾਨ ਸੈਕਟਰ-3 ਥਾਣੇ ‘ਚ ਤਾਇਨਾਤ ਏ.ਐੱਸ.ਆਈ. ਸਮੇਤ ਕਾਂਸਟੇਬਲ ਪ੍ਰਵੀਨ ਕੁਮਾਰ ਤੇ ਕਾਂਸਟੇਬਲ ਸੁਰੇਂਦਰ ਸਿੰਘ ਸੀ.ਐੱਮ. ਹਾਊਸ ਨੇੜੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਗਰਾਊਂਡ ਵੱਲੋਂ ਲੋਕ ਝੰਡੇ ਲੈ ਕੇ ਸੀ.ਐੱਮ. ਹਾਊਸ ਵੱਲ ਜਾ ਰਹੇ ਹਨ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੜਕ ‘ਤੇ ਆ ਗਏ। ਇਸ ਕਾਰਨ ਲੋਕਾਂ ਨੂੰ ਆਉਣ-ਜਾਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੈਕਟਰ-3 ਥਾਣਾ ਪੁਲਿਸ ਅਤੇ ਹਰਿਆਣਾ ਪੁਲਸ ਮੁਲਾਜ਼ਮਾਂ ਨੇ ਕਾਂਗਰਸੀ ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸੀ.ਐੱਮ. ਹਾਊਸ ਨੇੜੇ ਪਹੁੰਚ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।