#PUNJAB

ਕਿਲ੍ਹਾ ਰਾਏਪੁਰ ਖੇਡਾਂ: ਪੇਂਡੂ ਓਲੰਪਿਕ ‘ਚ 12 ਸਾਲਾਂ ਬਾਅਦ ਰੌਣਕ ਪਰਤੀ

-ਬੈਲ ਗੱਡੀਆਂ ਦੀਆਂ ਦੌੜਾਂ ਰਹੀਆਂ ਖਿੱਚ ਦਾ ਕੇਂਦਰ
ਲੁਧਿਆਣਾ, 18 ਫਰਵਰੀ (ਪੰਜਾਬ ਮੇਲ)- ਪੇਂਡੂ ਓਲੰਪਿਕ ਵਜੋਂ ਮਕਬੂਲ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ 12 ਸਾਲ ਮਗਰੋਂ ਪਹਿਲਾਂ ਵਰਗੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਬੈਲ ਗੱਡੀਆਂ ਦੇ ਤਿੰਨ ਰਾਊਂਡ ਹੋਏ, ਜਿਸ ਵਿਚ ਹਰ ਰਾਊਂਡ ਵਿਚ 6-6 ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਤਰ੍ਹਾਂ ਪਹਿਲੇ ਦਿਨ ਕੁੱਲ 18 ਹੀਟਾਂ ਹੋਈਆਂ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਤਿੰਨ ਰੋਜ਼ਾ ਖੇਡਾਂ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਉਦਘਾਟਨ ਕੀਤਾ। ਉਨ੍ਹਾਂ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਹੋਣ ‘ਤੇ ਵਧਾਈ ਦਿੱਤੀ ਅਤੇ ਇਸ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਸਿਰ ਬੰਨ੍ਹਿਆ।
ਵੱਡੀ ਗਿਣਤੀ ‘ਚ ਪੁੱਜੇ ਖੇਡ ਪ੍ਰੇਮੀਆਂ ਦੇ ਚਿਹਰਿਆਂ ‘ਤੇ ਬੈਲ ਗੱਡੀਆਂ ਦੀ ਦੌੜਾਂ ਸ਼ੁਰੂ ਹੋਣ ਦੀ ਖੁਸ਼ੀ ਸਾਫ਼ ਝਲਕ ਰਹੀ ਸੀ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਡਾ. ਕੇ.ਐੱਨ.ਐੱਸ. ਕੰਗ ਵੀ ਮੌਜੂਦ ਸਨ। ਸ਼੍ਰੀ ਖੁੱਡੀਆਂ ਨੇ ਪਸ਼ੂ ਹਸਪਤਾਲ ਲਈ 30 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਅਥਲੈਟਿਕ ਮੁਕਾਬਲਿਆਂ ਵਿਚ ਅੰਡਰ-14 (ਲੜਕੇ) ਦੀ 60 ਮੀਟਰ ਦੌੜ ਵਿਚ ਅਰਮਾਨ ਕੁਮਾਰ, ਲੜਕੀਆਂ ਵਿਚੋਂ ਜਸ਼ਨ ਕੌਰ, ਓਪਨ ਲੜਕਿਆਂ ਦੀ 400 ਮੀਟਰ ਦੌੜ ਵਿਚ ਵਿਕਾਸ, ਲੜਕੀਆਂ ਵਿਚੋਂ ਰਸਿਤਾ ਕੌਰ, ਲੜਕੇ 1500 ਮੀਟਰ ਦੌੜ ਵਿਚੋਂ ਪ੍ਰਭਜੋਤ ਸਿੰਘ ਅਤੇ ਓਪਨ ਲੜਕੀਆਂ ਵਿਚੋਂ ਆਰਤੀ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਪੁਰਸ਼ ਹਾਕੀ ਵਿਚ ਕੁਰੂਕਸ਼ੇਤਰ ਨੇ ਹਿਸਾਰ ਨੂੰ 3-1, ਅਮਰਗੜ੍ਹ ਨੇ ਜਰਖੜ ਨੂੰ 1-0, ਰਾਏਕੋਟ ਨੇ ਸ਼ਾਹਬਾਦ ਨੂੰ 3-2, ਮਹਿਲਾ ਹਾਕੀ ਵਿਚ ਯੂਨਾਈਟਿਡ ਕਲੱਬ ਦਿੱਲੀ ਨੇ ਚੰਡੀਗੜ੍ਹ ਹਾਕੀ ਅਕੈਡਮੀ ਨੂੰ 5-3 ਨਾਲ ਹਰਾਇਆ।