ਸਿਓਲ, 19 ਨਵੰਬਰ (ਪੰਜਾਬ ਮੇਲ)- ਉਤਰੀ ਕੋਰੀਆ ਦੇ ਆਗੂ ਕਿਮ ਯੌਂਗ ਉਨ ਨੇ ਅੱਜ ਅਮਰੀਕੀ ਦੀ ਲੀਡਰਸ਼ਿਪ ਦੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੇ ਫੌਜੀ ਪ੍ਰਮਾਣੂ ਪ੍ਰੋਗਰਾਮ ‘ਚ ਵਾਧੇ ਦਾ ਸੱਦਾ ਦੁਹਰਾਇਆ ਹੈ। ਲੰਘੇ ਦਿਨੀਂ ਫੌਜੀ ਅਧਿਕਾਰੀਆਂ ਨਾਲ ਕਾਨਫਰੰਸ ਦੌਰਾਨ ਕਿਮ ਨੇ ਦੱਖਣੀ ਕੋਰੀਆ ਨਾਲ ਆਪਣੀਆਂ ਪ੍ਰਮਾਣੂ ਨੀਤੀਆਂ ਨੂੰ ਅੱਗੇ ਵਧਾਉਣ ਅਤੇ ਜਪਾਨ ਨਾਲ ਮਿਲ ਕੇ ਤਿੰਨ ਪਾਸੜ ਫੌਜੀ ਸਹਿਯੋਗ ਮਜ਼ਬੂਤ ਕਰਨ ਲਈ ਅਮਰੀਕੀ ਦੀ ਨਿੰਦਾ ਕੀਤੀ ਸੀ। ਕਿਮ ਨੇ ਰੂਸ ਖ਼ਿਲਾਫ਼ ਜੰਗ ‘ਚ ਯੂਕਰੇਨ ਦੀ ਹਮਾਇਤ ਕਰਨ ਲਈ ਵੀ ਅਮਰੀਕਾ ਦੀ ਆਲੋਚਨਾ ਕੀਤੀ। ਕਿਮ ਨੇ ਹਾਲ ਹੀ ਦੇ ਮਹੀਨਿਆਂ ‘ਚ ਰੂਸ ਨਾਲ ਆਪਣੇ ਦੇਸ਼ ਦੇ ਸਬੰਧਾਂ ਨੂੰ ਤਰਜੀਹ ਦਿੰਦਿਆਂ ‘ਨਵੀਂ ਠੰਢੀ ਜੰਗ’ ਦੇ ਵਿਚਾਰ ਨੂੰ ਅਪਣਾਇਆ ਅਤੇ ਪੱਛਮ ਨਾਲ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਦੇ ਸੰਘਰਸ਼ ‘ਚ ਇਕਜੁੱਟਤਾ ਜ਼ਾਹਿਰ ਕੀਤੀ। ਕਿਮ ਨੇ ਅਜੇ ਤੱਕ ਸਿੱਧੇ ਤੌਰ ‘ਤੇ ਸਵੀਕਾਰ ਨਹੀਂ ਕੀਤਾ ਕਿ ਉਹ ਯੂਕਰੇਨ ਖ਼ਿਲਾਫ਼ ਜੰਗ ‘ਚ ਹਮਾਇਤ ਲਈ ਰੂਸ ਨੂੰ ਫੌਜੀ ਉਪਕਰਨ ਤੇ ਸੈਨਿਕ ਮੁਹੱਈਆ ਕਰ ਰਿਹਾ ਹੈ।