#AMERICA

ਕਿਮ ਨੇ ਮਾਦੁਰੋ ਨੂੰ ‘ਖਾਸ ਦੋਸਤ’ ਦੱਸਦਿਆਂ ਟਰੰਪ ਨੂੰ ‘ਤੀਜੇ ਵਿਸ਼ਵ ਯੁੱਧ’ ਦੀ ਚਿਤਾਵਨੀ ਦਿੱਤੀ

ਵਾਸ਼ਿੰਗਟਨ, 3 ਜਨਵਰੀ (ਪੰਜਾਬ ਮੇਲ)- ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰਸ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਦੁਨੀਆਂ ਭਰ ‘ਚ ਹਲਚਲ ਤੇਜ਼ ਹੋ ਗਈ ਹੈ। ਹੁਣ ਇਸ ਲੜਾਈ ਵਿਚ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਵੀ ਐਂਟਰੀ ਕਰ ਲਈ ਹੈ। ਕਿਮ ਨੇ ਮਾਦੁਰੋ ਨੂੰ ਆਪਣਾ ‘ਖਾਸ ਦੋਸਤ’ ਦੱਸਦਿਆਂ ਅਮਰੀਕਾ ਨੂੰ ਤੀਜੇ ਵਿਸ਼ਵ ਯੁੱਧ ਦੀ ਚਿਤਾਵਨੀ ਦਿੱਤੀ ਹੈ।
ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਨੇ ਡੋਨਾਲਡ ਟਰੰਪ ਅਤੇ ਅਮਰੀਕੀ ਲੀਡਰਸ਼ਿਪ ਨੂੰ ਸਖ਼ਤ ਲਹਿਜੇ ਵਿਚ ਕਿਹਾ ਹੈ ਕਿ ਮਾਦੁਰੋ ਵਿਰੁੱਧ ਇਹ ਕਾਰਵਾਈ ਦੁਨੀਆਂ ਨੂੰ ਤੀਜੇ ਵਿਸ਼ਵ ਯੁੱਧ ਵੱਲ ਲੈ ਜਾ ਸਕਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਅਮਰੀਕਾ ਤੁਰੰਤ ਮਾਦੁਰੋ ਦੀ ਮੌਜੂਦਾ ਸਥਿਤੀ ਨੂੰ ਜਨਤਕ ਕਰੇ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕਰੇ। ਕਿਮ ਅਨੁਸਾਰ ਇਹ ਦਮਨਕਾਰੀ ਕਦਮ ਗੰਭੀਰ ਅੰਤਰਰਾਸ਼ਟਰੀ ਨਤੀਜੇ ਪੈਦਾ ਕਰ ਸਕਦਾ ਹੈ।
ਰੂਸ ਵੱਲੋਂ ਵੀ ਸਖ਼ਤ ਨਿੰਦਾ
ਦੂਜੇ ਪਾਸੇ ਰੂਸ ਨੇ ਵੀ ਅਮਰੀਕਾ ਦੀ ਇਸ ਕਾਰਵਾਈ ਨੂੰ ‘ਸਸ਼ਸਤਰ ਹਮਲਾ’ ਕਰਾਰ ਦਿੱਤਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਤਰਕ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਇਹ ਸਿਰਫ਼ ਵੈਚਾਰਿਕ ਦੁਸ਼ਮਣੀ ਤੋਂ ਪ੍ਰੇਰਿਤ ਹਨ। ਰੂਸ ਨੇ ਸਾਰੇ ਪੱਖਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।
ਅਮਰੀਕੀ ਅਟਾਰਨੀ ਜਨਰਲ ਪਾਮ ਬੋਂਡੀ ਨੇ ਜਾਣਕਾਰੀ ਦਿੱਤੀ ਹੈ ਕਿ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ‘ਤੇ ਨਿਊਯਾਰਕ ਦੀ ਅਦਾਲਤ ਵਿਚ ਕਈ ਗੰਭੀਰ ਇਲਜ਼ਾਮ ਤੈਅ ਕੀਤੇ ਗਏ ਹਨ। ਇਨ੍ਹਾਂ ਵਿਚ ਨਾਰਕੋ-ਟੈਰਰਿਜ਼ਮ ਦੀ ਸਾਜ਼ਿਸ਼, ਕੋਕੀਨ ਦੀ ਤਸਕਰੀ, ਮਸ਼ੀਨਗਨ ਅਤੇ ਖ਼ਤਰਨਾਕ ਹਥਿਆਰ ਰੱਖਣ ਦੇ ਨਾਲ-ਨਾਲ ਅਮਰੀਕਾ ਵਿਰੁੱਧ ਸਾਜ਼ਿਸ਼ ਰਚਣ ਵਰਗੇ ਦੋਸ਼ ਸ਼ਾਮਲ ਹਨ। ਇਹ ਕਾਰਵਾਈ ਉਦੋਂ ਹੋਈ, ਜਦੋਂ ਅਮਰੀਕਾ ਨੇ ਕਾਰਾਕਾਸ ਵਿਚ ਏਅਰਸਟ੍ਰਾਈਕ ਕੀਤੀ ਸੀ।